ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 6 ਦਸੰਬਰ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਦੇ ਨਿਰਦੇਸ਼ਾਂ ’ਤੇ ਹਰਿਆਣਾ ਰੋਡਵੇਜ਼ ਦਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਡੱਬਵਾਲੀ ਤੋਂ ਚੰਡੀਗੜ੍ਹ ਬੱਸ ਰੂਟ ਮੁੜ ਤੋਂ ਸ਼ੁਰੂ ਹੋ ਗਿਆ। ਅੱਜ ਸਵੇਰੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਤੇ ਡੱਬਵਾਲੀ ਤੋਂ ਭਾਜਪਾ ਉਮੀਦਵਾਰ ਰਹੇ ਬਲਦੇਵ ਸਿੰਘ ਮਾਂਗੇਆਣਾ ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸ ਰੋਜ਼ਾਨਾ ਸਵੇਰੇ 6: 05 ਵਜੇ ਡੱਬਵਾਲੀ ਤੋਂ ਰਵਾਨਾ ਹੋ ਕੇ ਬਠਿੰਡਾ, ਸੰਗਰੂਰ ਅਤੇ ਪਟਿਆਲਾ ਹੁੰਦੀ ਹੋਈਏ 12:15 ਵਜੇ ਚੰਡੀਗੜ੍ਹ ਪੁੱਜੇਗੀ ਤੇ 12:58 ਵਜੇ ਚੰਡੀਗੜ੍ਹ ਤੋਂ ਵਾਪਸ ਚੱਲ ਕੇ ਰਾਤ 7:30 ਵਜੇ ਡੱਬਵਾਲੀ ਪੁੱਜੇਗੀ।
ਜ਼ਿਕਰਯੋਗ ਹੈ ਕਿ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਬੀਤੇ ਦਿਨੀਂ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਸਿਰਸਾ ਦੀ ਮੀਟਿੰਗ ਮੌਕੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਦੇ ਸਨਮੁੱਖ ਵਰ੍ਹਿਆਂ ਤੋਂ ਬੰਦ ਪਏ ਬੱਸ ਰੂਟ ਦਾ ਮੁੱਦਾ ਚੁੱਕਿਆ ਸੀ ਜਿਸ ’ਤੇ ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਬੱਸ ਨੂੰ ਤੁਰੰਤ ਚਲਾਉਣ ਦੇ ਨਿਰਦੇਸ਼ ਦਿਤੇ ਸਨ। ਦੇਵ ਕੁਮਾਰ ਸ਼ਰਮਾ ਨੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਬੱਸ ਦੇ ਸ਼ੁਰੂ ਹੋਣ ਨਾਲ ਡੱਬਵਾਲੀ ਖੇਤਰ ਦੇ ਮਰੀਜ਼ਾਂ, ਵਿਦਿਆਰਥੀਆਂ, ਕਰਮਚਾਰੀਆਂ ਤੇ ਹੋਰਨਾਂ ਲੋਕਾਂ ਨੂੰ ਰਾਜਧਾਨੀ ਚੰਡੀਗੜ੍ਹ ਵਿੱਚ ਆਉਣ-ਜਾਣ ਦੀ ਬਿਹਤਰ ਸਹੂਲਤ ਮਿਲੇਗੀ। ਇਸ ਮੌਕੇ ਰਾਜੀਵ ਵਢੇਰਾ, ਸੁਰਿੰਦਰ ਬਰਤਨ ਵਾਲੇ, ਇੰਦਰ ਸ਼ਰਮਾ, ਰਾਕੇਸ਼ ਵਾਲਮੀਕ, ਵਿਕਾਸ ਕਾਲੂਆਣਾ, ਪਵਨ ਮਹਿਤਾ, ਸੁਖਵੰਤ ਚੀਮਾ ਅਤੇ ਹੋਰ ਲੋਕ ਮੌਜੂਦ ਸਨ।