ਸਿਲੰਡਰ ਹਾਦਸਾ: ਹਲਵਾਈ ਯੂਨੀਅਨ ਵੱਲੋਂ ਧਨੌਲਾ ਮੰਦਰ ਕਮੇਟੀ ਖ਼ਿਲਾਫ਼ ਧਰਨਾ
ਧਨੌਲਾ ਦੇ ਪ੍ਰਾਚੀਨ ਮੰਦਰ ’ਚ ਕੱਲ੍ਹ ਸਿਲੰਡਰ ਫਟਣ ਦੇ ਮਾਮਲੇ ਵਿੱਚ ਅੱਜ ਧਨੌਲਾ ਤੇ ਬਰਨਾਲਾ ਹਲਵਾਈ ਯੂਨੀਅਨ ਨੇ ਮੰਦਰ ਪ੍ਰਬੰਧਕਾਂ ਖ਼ਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਜ਼ਖ਼ਮੀਆਂ ਦਾ ਇਲਾਜ ਮੰਦਰ ਕਮੇਟੀ ਵੱਲੋਂ ਕਰਵਾਇਆ ਜਾਵੇ ਅਤੇ ਜ਼ਖ਼ਮੀਆਂ ਦੇ ਤੰਦਰੁਸਤ ਹੋਣ ਤੱਕ ਘਰ ਦਾ ਖ਼ਰਚਾ ਮੰਦਰ ਕਮੇਟੀ ਵੱਲੋਂ ਕੀਤਾ ਜਾਵੇ। ਇਸ ਤੋਂ ਇਲਾਵਾ ਮੰਦਰ ’ਚ ਸ਼ਰਧਾਲੂਆਂ ਵੱਲੋਂ ਲਗਾਏ ਜਾਂਦੇ ਲੰਗਰ ਲਈ ਮੰਦਰ ਪ੍ਰਬੰਧਕਾਂ ਵੱਲੋਂ ਮੰਦਰ ਦੇ ਹਲਵਾਈਆਂ ਤੋਂ ਕੰਮ ਕਰਵਾਉਣ ਲਈ ਦਬਾਅ ਨਾ ਪਾਇਆ ਜਾਵੇ। ਧਰਨਾਕਾਰੀਆਂ ਨੇ ਕਿਹਾ ਕਿ ਮੰਦਰ ਨੂੰ ਟਰੱਸਟ ਅਧੀਨ ਕੀਤਾ ਜਾਵੇ। ਧਨੌਲਾ ਦੇ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਦੱਸਿਆ ਕਿ ਕਾਫੀ ਜੱਦੋਜਹਿਦ ਤੋਂ ਬਾਅਦ ਧਨੌਲਾ ਵਪਾਰ ਮੰਡਲ ਦੇ ਆਗੂਆਂ ’ਤੇ ਪਤਵੰਤਿਆਂ ਵੱਲੋਂ ਮੰਦਰ ਕਮੇਟੀ ਦੇ ਮਾਤਾ ਰਾਜਦੇਵੀ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਜੋ ਵੀ ਖ਼ਰਚਾ ਹੋਵੇਗਾ ਉਹ ਮੰਦਰ ਕਮੇਟੀ ਕਰੇਗੀ। ਧਰਨਾਕਾਰੀਆਂ ਨੇ ਮੰਗਾਂ ਮੰਨੇ ਜਾਣ ’ਤੇ ਧਰਨਾ ਖ਼ਤਮ ਕਰ ਦਿੱਤਾ।
ਧਨੌਲਾ ਮੰਦਰ ’ਚ ਜ਼ਖ਼ਮੀਆਂ ਦਾ ਹਾਲ ਜਾਨਣ ਲਈ ਡਿਪਟੀ ਕਮਿਸ਼ਨਰ ਟੀ. ਬੈਨਿਥ ਅਤੇ ਐੱਸਐੱਸਪੀ ਸਰਫ਼ਰਾਜ਼ ਆਲਮ ਅੱਜ ਸਿਵਲ ਹਸਪਤਾਲ ਬਰਨਾਲਾ ’ਚ ਪੁੱਜੇ। ਉਨ੍ਹਾਂ ਹਾਦਸੇ ’ਚ ਜ਼ਖਮੀ ਹੋਣ ਵਾਲਿਆਂ ਦਾ ਦਾ ਉਨ੍ਹਾਂ ਹਾਲ ਪੁੱਛਿਆ ਅਤੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਦਾ ਖਾਸ ਖਿਆਲ ਰੱਖਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਲ 16 ਲੋਕ ਇਸ ਹਾਦਸੇ ’ਚ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚੋਂ 6 ਜ਼ਖ਼ਮੀਆਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਦਾਖ਼ਲ ਕੀਤਾ ਗਿਆ ਹੈ, 4 ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਅਤੇ 4 ਜ਼ਖ਼ਮੀਆਂ ਦਾ ਧਨੌਲਾ ਸਿਹਤ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 2 ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਸਿਵਲ ਸਰਜਨ ਡਾ.ਬਲਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ ਅਤੇ ਹੋਰ ਲੋਕ ਹਾਜ਼ਰ ਸਨ।