ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਦੋਹਾ ਰਜਬਾਹੇ ’ਚ ਪਾੜ ਕਾਰਨ ਫ਼ਸਲਾਂ ਡੁੱਬੀਆਂ

ਭਗਵਾਨਪੁਰਾ ’ਚ ਸੌ ਏਕੜ ਰਕਬੇ ’ਚ ਫ਼ਸਲਾਂ ਖ਼ਰਾਬ ਹੋਣ ਦਾ ਖ਼ਦਸ਼ਾ
Advertisement

ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 11 ਜੁਲਾਈ

Advertisement

ਪਿੰਡ ਭਗਵਾਨਪੁਰਾ ਕੋਲੋਂ ਲੰਘਦੇ ਸੰਦੋਹਾ ਰਜਬਾਹੇ ਵਿੱਚ ਬੀਤੀ ਰਾਤ ਪਾੜ ਪੈਣ ਨਾਲ ਸੌ ਏਕੜ ਦੇ ਕਰੀਬ ਰਕਬੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਖ਼ਦਸ਼ਾ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਸੰਦੋਹਾ ਰਜਬਾਹੇ ਦੀ ਬੁੁਰਜੀ ਨੰਬਰ 53000 ਕੋਲ ਪਿੰਡ ਭਗਵਾਨਪੁਰਾ ਦੇ ਕਿਸਾਨ ਰਾਜਵੀਰ ਦੇ ਖੇਤ ਵੱਲ ਪਾੜ ਪੈ ਗਿਆ। ਪਾਣੀ ਦੇ ਤੇਜ਼ ਵਹਾਅ ਨਾਲ ਵਧਦਾ ਹੋਇਆ ਪਾੜ 50 ਫੁੱਟ ਦੇ ਕਰੀਬ ਚੌੜਾ ਹੋ ਗਿਆ। ਪਿੰਡ ਵਾਸੀਆਂ ਨੂੰ ਸੂਏ ਦੇ ਟੁੱਟਣ ਦਾ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਪਾਣੀ ਭਗਵਾਨਪੁਰਾ ਤੋਂ ਜਗਾ ਰਾਮ ਤੀਰਥ ਨੂੰ ਜਾਂਦੀ ਸੜਕ ਪਾਰ ਕਰ ਗਿਆ। ਇਸ ਤੋਂ ਬਾਅਦ ਪਿੰਡ ਦੇ ਕਿਸਾਨ ਪਾੜ ਵਾਲੀ ਜਗ੍ਹਾ ਪੁੱਜੇ ਤੇ ਉਨ੍ਹਾਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਪਰੰਤ ਵਿਭਾਗ ਦੇ ਜੇਈ ਬਿਕਰਮ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਲੇਬਰ ਤੇ ਜੇਸੀਬੀ ਬੁਲਾ ਕੇ ਪਾੜ ਪੂਰਨ ਦੇ ਕਾਰਜ ਆਰੰਭ ਕਰ ਦਿੱਤੇ। ਮਹਿਕਮੇ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਰਾਤ ਬਾਰਸ਼ ਹੋਣ ਕਰਕੇ ਪਿਛਲੇ ਮੋਘੇ ਕਿਸਾਨਾਂ ਵੱਲੋਂ ਬੰਦ ਕਰਨ ਨਾਲ ਉਕਤ ਜਗ੍ਹਾ ’ਤੇ ਲੱਗੇ ਮੋਘੇ ਕੋਲੋਂ ਪਾਣੀ ਦਾ ਲੀਕੇਜ ਹੋਣਾ ਰਜਵਾਹੇ ਵਿੱਚ ਪਾੜ ਪੈਣ ਦਾ ਕਾਰਨ ਹੋ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਕਰੀਬ ਸੌ ਏਕੜ ਰਕਬੇ ਵਿੱਚ ਪਾਣੀ ਭਰਨ ਨਾਲ ਉਨ੍ਹਾਂ ਦੀਆਂ ਨਰਮੇ, ਝੋਨੇ, ਗੁਆਰੇ, ਮੱਕੀ, ਮੂੰਗੀ ਆਦਿ ਫ਼ਸਲਾਂ ਖ਼ਰਾਬ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਨੇ ਮਹਿੰਗੇ ਭਾਅ ਜ਼ਮੀਨਾਂ ਠੇਕੇ ਉਪਰ ਲੈ ਕੇ ਫਸਲਾਂ ਬੀਜੀਆਂ ਹਨ। ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ।

ਨਹਿਰੀ ਵਿਭਾਗ ਦੇ ਐੱਸਡੀਓ ਮੌੜ ਜਸਕਰਨ ਸਿੰਘ ਸੇਖੋਂ ਨੇ ਦੱਸਿਆ ਕਿ ਰਜਬਾਹੇ ਦੇ ਟੁੱਟਣ ਦਾ ਪਤਾ ਲੱਗਦਿਆਂ ਹੀ ਸੱਦਾ ਸਿੰਘ ਵਾਲਾ ਹੈੱਡ ਤੋਂ ਪਾਣੀ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲੇਬਰ ਅਤੇ ਜੇਸੀਬੀ ਮਸ਼ੀਨ ਭੇਜ ਕੇ ਪਾੜ ਪੂਰਨ ਦੇ ਕਾਰਜ ਆਰੰਭ ਕਰ ਦਿੱਤੇ ਹਨ ਤੇ ਕੱਲ੍ਹ ਤੱਕ ਪਾੜ ਪੂਰ ਲਿਆ ਜਾਵੇਗਾ।

Advertisement