ਮੀਂਹ ਅਤੇ ਗੜਿਆਂ ਕਾਰਨ ਫ਼ਸਲਾਂ ਨੂੰ ਨੁਕਸਾਨ
ਇਲਾਕੇ ’ਚ ਕੱਲ੍ਹ ਦੇਰ ਸ਼ਾਮ ਪਏ ਮੀਂਹ ਤੇ ਗੜਿਆਂ ਕਾਰਨ ਕਿਸਾਨਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਬੇਮੌਸਮੇ ਮੀਂਹ ਕਾਰਨ ਸਰ੍ਹੋਂ ਦੀ ਫਸਲ ਤਬਾਹ ਹੋ ਗਈ ਹੈ ਤੇ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਕਪਾਹ, ਮੱਕੀ ਅਤੇ...
ਇਲਾਕੇ ’ਚ ਕੱਲ੍ਹ ਦੇਰ ਸ਼ਾਮ ਪਏ ਮੀਂਹ ਤੇ ਗੜਿਆਂ ਕਾਰਨ ਕਿਸਾਨਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਬੇਮੌਸਮੇ ਮੀਂਹ ਕਾਰਨ ਸਰ੍ਹੋਂ ਦੀ ਫਸਲ ਤਬਾਹ ਹੋ ਗਈ ਹੈ ਤੇ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਕਪਾਹ, ਮੱਕੀ ਅਤੇ ਝੋਨੇ ਨੂੰ ਵੀ ਨੁਕਸਾਨ ਪੁੱਜਿਆ ਹੈ।
ਇਲਾਕੇ ’ਚ ਅੱਜ 15 ਘੰਟਿਆਂ ਬਾਅਦ ਵੀ ਖੇਤਾਂ ’ਚ ਗੜਿਆਂ ਦੇ ਢੇਰ ਲੱਗੇ ਪਏ ਸਨ। ਕਿਸਾਨਾਂ ਨੇ ਦੱਸਿਆ ਕਿ ਪਿੰਡ ਗੁਦਰਾਣਾ, ਲੱਕੜਵਾਲੀ ਸੁਖਚੈਨ ਅਤੇ ਖਤਰਵਾਂ ਆਦਿ ਵਿੱਚ ਭਾਰੀ ਮੀਂਹ ਪਿਆ ਹੈ। ਪ੍ਰਸ਼ਾਸਨ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਟਿਊਬਵੈੱਲਾਂ ’ਤੇ ਲੱਗੇ ਸੋਲਰ ਪੈਨਲ ਵੀ ਹਨੇਰੀ ਕਾਰਨ ਟੁੱਟ ਗਏ। ਫ਼ਸਲਾਂ ਦੇ ਨਾਲ-ਨਾਲ ਦਰੱਖਤਾਂ ਨੂੰ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਪੁੰਗਰ ਰਹੀ ਸਰ੍ਹੋਂ ਦੀ ਫ਼ਸਲ ਵੀ ਤਬਾਹ ਹੋ ਗਈ ਹੈ।
ਹਲਕਾ ਪਟਵਾਰੀ ਸੁਸ਼ੀਲ ਕੁਮਾਰ, ਪਟਵਾਰੀ ਸੁਖਪਾਲ ਸਿੰਘ ਅਤੇ ਕਾਲਾਂਵਾਲੀ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੁਕਸਾਨ ਦਾ ਮੁਲਾਂਕਣ ਕਰਨ ਲਈ ਗੁਦਰਾਣਾ, ਲੱਕੜਵਾਲੀ, ਸੁਖਚੈਨ ਅਤੇ ਖਤਰਾਵਾਂ ਆਦਿ ਪਿੰਡਾਂ ਦੇ ਖੇਤਾਂ ਵਿੱਚ ਪਹੁੰਚੇ। ਪਟਵਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਰ੍ਹੋਂ, ਕਪਾਹ ਅਤੇ ਝੋਨੇ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਲਦੀ ਹੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਪਏ ਗੜਿਆਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਹਨੇਰੀ ਕਾਰਨ ਬਿਜਲੀ ਦੇ ਖੰਭੇ ਡਿੱਗ ਗਏ ਜਿਸ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।
ਮੰਡੀਆਂ ਵਿੱਚ ਪਿਆ ਝੋਨੇ ਭਿੱਜਿਆ
ਮੀਂਹ ਅਤੇ ਝੱਖੜ ਕਾਰਨ ਮੰਡੀ ਵਿੱਚ ਖੁੱਲ੍ਹੇ ਵਿੱਚ ਰੱਖਿਆ ਹਜ਼ਾਰਾਂ ਕੁਇੰਟਲ ਝੋਨਾ ਭਿੱਜ ਗਿਆ ਹੈ। ਹਨੇਰੀ ਕਾਰਨ ਦਰੱਖਤ ਅਤੇ ਖੰਭੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਜਿਸ ਕਾਰਨ ਢੋਆ-ਢੁਆਈ ’ਚ ਲੱਗੇ ਵਾਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਪਾਣੀ ਭਰਨ ਕਾਰਨ ਲੋਕ ਖ਼ੁਆਰ ਹੋਏ। ਕਿਸਾਨਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਆਪਣਾ ਝੋਨਾ ਨਹੀਂ ਸੀ ਵੱਢਿਆ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਸਰ੍ਹੋਂ ਅਤੇ ਕਣਕ ਦੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਨੂੰ ਦੂਜੀ ਵਾਰ ਬਿਜਾਈ ਕਰਨੀ ਪੈ ਸਕਦੀ ਹੈ। ਮੀਂਹ ਕਾਰਨ ਅਨਾਜ ਮੰਡੀ ਵਿੱਚ ਪਿਆ ਹਜ਼ਾਰਾਂ ਕੁਇੰਟਲ ਝੋਨਾ ਭਿੱਜ ਗਿਆ ਹੈ। ਇਸ ਦੌਰਾਨ, ਮੀਂਹ ਕਾਰਨ ਸ਼ਹਿਰ ਦੀ ਅਨਾਜ ਮੰਡੀ, ਦੇਸੂ ਰੋਡ, ਪੰਜਾਬ ਬੱਸ ਸਟੈਂਡ, ਆਰਾ ਰੋਡ, ਥਾਣਾ ਰੋਡ, ਡਾਕਟਰ ਮਾਰਕੀਟ ਅਤੇ ਮੋਬਾਈਲ ਮਾਰਕੀਟ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਹਨੇਰੀ ਕਾਰਨ, ਓਧਨ ਰੋਡ, ਗਦਰਾਣਾ ਅਤੇ ਖਿਓਵਾਲੀ ’ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਇਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋਈ।

