ਰਾਜਬਾਹੇ ’ਚ ਪਾੜ: ਸਾਈ ਨਗਰ ਦੇ ਪੀੜਤਾਂ ਦਾ ਦਰਦੀ ਨਾ ਬਣ ਸਕਿਆ ਪ੍ਰਸ਼ਾਸਨ
ਰਜਬਾਹੇ ’ਚ ਪਾੜ ਪੈਣ ਕਾਰਨ ਸਾਈ ਨਗਰ ’ਚ ਪਾਣੀ ਵੜਨ ਕਾਰਨ ਪ੍ਰਭਾਵਿਤ ਹੋਏ ਦੋ ਸੌ ਤੋਂ ਵੱਧ ਪਰਿਵਾਰ ਵਿੱਤੀ ਸਹਾਇਤਾ ਲਈ ਹਾੜੇ ਕੱਢ ਰਹੇ ਹਨ। ਉਨ੍ਹਾਂ ਦਾ ਦਰਦ ਹੈ ਕਿ ਪ੍ਰਸ਼ਾਸਨ ਵੀ ਉਨ੍ਹਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਨਹੀਂ ਬਣ ਸਕਿਆ ਅਤੇ ਸਿਆਸੀ ਪਾਰਟੀਆਂ ਦੇ ਆਗੂ ਵੀ ਤਲੀ ’ਤੇ ਕੁਝ ਟਿਕਾਉਣ ਦੀ ਬਜਾਇ ਆਪਣੀਆਂ ਰੋਟੀਆਂ ਸੇਕਣ ਨੂੰ ਤਰਜੀਹ ਦੇ ਰਹੇ ਹਨ।
ਸਾਈ ਨਗਰ ਦੀਆਂ ਦਸ ਗਲੀਆਂ ’ਚ ਲਗਪਗ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਹੀ ਵਸਦੇ ਹਨ। ਭਾਵੇਂ ਹੁਣ ਪਾਣੀ ਨਿੱਕਲਣ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਦੀ ਗੱਡੀ ਪਟੜੀ ’ਤੇ ਚੜ੍ਹ ਰਹੀ ਹੈ, ਪਰ ਤਿਲ-ਤਿਲ ਕਰਕੇ ਵਰ੍ਹਿਆਂ ’ਚ ਜੋੜੇ ਘਰੇਲੂ ਸਾਮਾਨ ਦੇ ਵਿਆਪਕ ਪੱਧਰ ’ਤੇ ਨੁਕਸਾਨੇ ਜਾਣ ਦਾ ਗ਼ਮ ਉਨ੍ਹਾਂ ਤੋਂ ਭੁਲਾਇਆ ਨਹੀਂ ਜਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਘਰਾਂ ’ਚ ਪਾਣੀ ਵੜਨ ਕਾਰਨ ਉਨ੍ਹਾਂ ਦੇ ਲੀੜੇ-ਕੱਪੜੇ, ਮੰਜੇ ਬਿਸਤਰਿਆਂ ਸਮੇਤ ਬਿਜਲਈ ਵਸਤਾਂ ਵੱਡੀ ਪੱਧਰ ’ਤੇ ਨੁਕਸਾਨੀਆਂ ਗਈਆਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਹ ਕਹਿ ਕੇ ਹੱਥ ਖੜ੍ਹੇ ਕਰ ਦਿੱਤੇ ਹਨ ਕਿ ਉਹ ਕਥਿਤ ਵਕਫ਼ ਬੋਰਡ ਦੀ ਜਗ੍ਹਾ ’ਤੇ ਅਣ-ਅਧਿਕਾਰਤ ਤੌਰ ’ਤੇ ਰਹਿ ਰਹੇ ਹਨ, ਇਸ ਲਈ ਵਿੱਤੀ ਮੱਦਦ ਦੇ ਦਾਇਰੇ ਵਿੱਚ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਰਾਸ਼ਨ ਭਿੱਜ ਜਾਣ ਕਾਰਣ ਉਨ੍ਹਾਂ ਨੂੰ ਪੇਟ ਦੀ ਅੱਗ ਬੁਝਾਉਣ ਲਈ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਕੁ ਘਰ ਪਾਣੀ ਨਾਲ ਡਿੱਗ ਪਏ ਸਨ, ਜਦ ਕਿ ਕਈਆਂ ਦੀ ਹਾਲਤ ਖਸਤਾ ਹਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਜਿਕ ਸੰਗਠਨਾਂ ਵੱਲੋਂ ਕਲੋਨੀ ਵਾਸੀਆਂ ਲਈ ਤਿੰਨ ਦਿਨ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸੀ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਤੱਕ ਪਹੁੰਚ ਕੀਤੀ, ਤਾਂ ਉਨ੍ਹਾਂ ਪ੍ਰਸ਼ਾਸਨ ਤੋਂ ਹੀ ਮਦਦ ਦੁਆਉਣ ਦੀ ਗੱਲ ਆਖ ਕੇ ਪੱਲੇ ਝਾੜ ਲਏ। ਉਨ੍ਹਾਂ ਕਿਹਾ ਕਿ ਸੱਤਾ ਵਿਰੋਧੀ ਪਾਰਟੀਆਂ ਵਾਲੇ ਸਰਕਾਰ ’ਤੇ ਨਜ਼ਲਾ ਝਾੜ ਕੇ, ‘ਬਦਲਾਅ’ ਲਿਆਉਣ ਦੇ ਮਿਹਣੇ ਜਿਹੇ ਦੇ ਕੇ ਤੁਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ ਗਿਆ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦਾ ਅਮਲੀ ਸਿੱਟਾ ਕਦੋਂ ਸਾਹਮਣੇ ਆਉਂਦਾ ਹੈ?
ਰੈੱਡ ਕਰਾਸ ਵੱਲੋਂ 100 ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਦਾਅਵਾ
ਇਸ ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਨੇ ਦੱਸਿਆ ਕਿ ਸਾਈ ਕਲੋਨੀ ਦੇ ਕਰੀਬ 100 ਲੋੜਵੰਦਾਂ ਪਰਿਵਾਰਾਂ ਨੂੰ ਸੁਸਾਇਟੀ ਵੱਲੋਂ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਸੁਸਾਇਟੀ ਨੇ ਸਿਵਲ ਪ੍ਰਸ਼ਾਸਨ ਅਤੇ ਵੱਖ-ਵੱਖ ਐਨਜੀਓ’ਜ਼ ਨਾਲ ਤਾਲਮੇਲ ਕਰਕੇ ਪ੍ਰਭਾਵਿਤ ਪਰਿਵਾਰਾਂ ਨੂੰ ਪੱਕਿਆ ਹੋਇਆ ਭੋਜਨ ਵੀ ਉਪਲਬਧ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਲੋਨੀ ਵਾਸੀਆਂ ਦੇ ਮੋਢੇ ਨਾਲ ਮੋਢਾ ਲਾ ਕਿ ਖੜ੍ਹਾ ਹੈ, ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।