ਸੀ ਪੀ ਆਈ ਦੀ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਹੋਈ
ਕ੍ਰਿਸ਼ਨ ਚੌਹਾਨ ਨੂੰ ਸਕੱਤਰ, ਕੁਲਵਿੰਦਰ ਉੱਡਤ ਤੇ ਵੇਦ ਪ੍ਰਕਾਸ਼ ਜ਼ਿਲ੍ਹਾ ਸਹਾਇਕ ਚੁਣੇ
ਸੀ ਪੀ ਆਈ ਦੀ 25ਵੀਂ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਕਾਮਰੇਡ ਰੂਪ ਸਿੰਘ ਢਿੱਲੋਂ, ਕਾਮਰੇਡ ਸਾਧੂ ਸਿੰਘ ਰਾਮਾਨੰਦੀ ਤੇ ਕਾਮਰੇਡ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਕਾਨਫਰੰਸ ਦੇ ਸੁਰੂਆਤ ’ਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਸਲ ਮੈਂਬਰ ਤੇ ਪੰਜਾਬ ਇਸਤਰੀ ਸਭਾ ਦੀ ਜਰਨਲ ਸਕੱਤਰ ਕਾਮਰੇਡ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਲੋਕਤੰਤਰੀ ਪ੍ਰਣਾਲੀ ਨੂੰ ਮਲੀਆਮੇਟ ਕਰਕੇ ਭਾਰਤੀ ਸੰਵਿਧਾਨ ਨੂੰ ਹਟਾ ਕੇ ਮਨੂੰ ਸਮ੍ਰਿਤੀ ਅਧਾਰਿਤ ਸਮਾਜ ਬਣਾਉਣ ਲਈ ਉਤਾਵਲੀਆ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ ’ਤੇ ਪੂਰੀ ਤਰ੍ਹਾ ਫਾਸ਼ੀਵਾਦੀ ਤਾਕਤਾਂ ਦਾ ਕਬਜ਼ਾ ਹੋ ਚੁੱਕਿਆ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਦੇਸ਼ ਦੇ ਸਾਰੇ ਆਰਥਿਕ ਵਸੀਲਿਆਂ ’ਤੇ ਕਾਬਜ਼ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਲਗਾਤਾਰ ਦੇਸ਼ ਦੇ ਖਣਿਜ ਪਦਾਰਥਾਂ, ਕੁਦਰਤੀ ਸੋਮਿਆਂ ਤੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਨੀਤੀਆਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਡਾਂ ਨੂੰ ਮੋਦੀ ਸਰਕਾਰ ਵੱਲੋਂ 21 ਨਵੰਬਰ ਨੂੰ ਨੋਟੀਫਾਈ ਕਰਕੇ ਮਜ਼ਦੂਰਾਂ ਨੂੰ ਬੰਧੂਆਂ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ।
ਇਸ ਮੌਕੇ ਕਾਮਰੇਡ ਕ੍ਰਿਸ਼ਨ ਚੌਹਾਨ ਨੇ 37 ਮੈਂਬਰੀ ਜ਼ਿਲ੍ਹਾ ਕੌਂਸਲ ਦਾ ਪੈਨਲ ਰੱਖਿਆ, ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਨਵੀਂ ਚੁਣੀ ਜ਼ਿਲ੍ਹਾ ਕੌਂਸਲ ਕ੍ਰਿਸ਼ਨ ਚੌਹਾਨ ਨੂੰ ਜ਼ਿਲ੍ਹਾ ਸਕੱਤਰ, ਕਾਮਰੇਡ ਕੁਲਵਿੰਦਰ ਉੱਡਤ ਤੇ ਕਾਮਰੇਡ ਵੇਦ ਪ੍ਰਕਾਸ਼ ਨੂੰ ਜ਼ਿਲ੍ਹਾ ਸਹਾਇਕ ਸਕੱਤਰ ਚੁਣ ਲਿਆ। ਇਸ ਮੌਕੇ ਰੂਪ ਸਿੰਘ ਢਿੱਲੋਂ, ਸੀਤਾਰਾਮ ਗੋਬਿੰਦਪੁਰਾ, ਮਲਕੀਤ ਮੰਦਰਾ, ਜਗਸੀਰ ਸਿੰਘ ਰਾਏਕੇ, ਰਤਨ ਭੋਲਾ, ਦਲਜੀਤ ਸਿੰਘ ਮਾਨਸ਼ਾਹੀਆ, ਪੂਰਨ ਸਿੰਘ ਸਰਦੂਲਗੜ੍ਹ, ਬੂਟਾ ਸਿੰਘ ਬਰਨਾਲਾ, ਕਰਨੈਲ ਸਿੰਘ ਦਾਤੇਵਾਸ, ਮਲਕੀਤ ਸਿੰਘ ਬਖਸ਼ੀਵਾਲਾ, ਚਿਮਨ ਲਾਲ ਕਾਕਾ, ਹਰਪਾਲ ਬੱਪੀਆਣਾ, ਗੁਰਦਿਆਲ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ।

