ਵਕੀਲ ਦੇ ਘਰ ਲੁੱਟ ਖ਼ਿਲਾਫ਼ ਅਦਾਲਤ ’ਚ ਕੰਮਕਾਰ ਠੱਪ
15 ਲੱਖ ਦੇ ਗਹਿਣੇ ਤੇ ਨਗਦੀ ਲੁੱਟਣ ਵਾਲੇ ਪੁਲੀਸ ਦੀ ਪਹੁੰਚ ਤੋਂ ਦੂਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੈ ਬਾਂਸਲ ਐਡਵੋਕੇਟ ਦੀ ਪਤਨੀ ਤੇ ਪੋਤੀ ਨੂੰ ਬੰਦੀ ਬਣਾ ਕੇ ਕਰੀਬ 15 ਲੱਖ ਦੇ ਗਹਿਣੇ ਤੇ ਨਗਦੀ ਲੁੱਟਣ ਵਾਲਿਆਂ ਦਾ ਹਾਲੇ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ। ਰੋਸ ਵਜੋਂ ਅੱਜ ਵਕੀਲਾਂ ਨੇ ਕੋਰਟ ’ਚ ਕੰਮਕਾਰ ਰੱਖਿਆ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦੁਪਹਿਰ ਨੂੰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੈ ਬਾਂਸਲ ਦੇ ਘਰੋਂ ਲੁਟੇਰਿਆਂ ਨੇ ਉਨ੍ਹਾਂ ਦੀ ਪਤਨੀ ਤੇ ਪੋਤੀ ਨੂੰ ਬੰਧਕ ਬਣਾ ਕੇ ਘਰੋਂ ਕਰੀਬ 15 ਤੋਲੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਗਦੀ ਲੁੱਟ ਲਈ ਸੀ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਫਿੰਗਰ ਪ੍ਰਿੰਟ ਮਾਹਿਰ ਅਤੇ ਸੂਹੀਏ ਕੁੱਤਿਆਂ ਦੀ ਮਦਦ ਨਾਲ ਲੁਟੇਰਿਆਂ ਦਾ ਸੁਰਾਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲੇ ਤੱਕ ਪੁਲੀਸ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ। ਪੁਲੀਸ ਵੱਲੋਂ ਲੁਟੇਰਿਆਂ ਨੂੰ ਨਾ ਫੜੇ ਜਾਣ ਦੇ ਰੋਸ ਵਜੋਂ ਵਕੀਲਾਂ ਨੇ ਕੋਰਟ ’ਚ ਨੋ ਵਰਕ ਡੇਅ ਰੱਖਿਆ ਅਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਲੁਟੇਰਿਆਂ ਨੂੰ ਨਾ ਫੜਿਆ ਗਿਆ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ। ਜ਼ਿਕਰਯੋਗ ਹੈ ਕਿ ਸਿਰਸਾ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲੀਸ ਲੁਟੇਰਿਆਂ ਤੱਕ ਪਹੁੰਚਣ ’ਚ ਅਸਫਲ ਸਾਬਤ ਹੋ ਰਹੀ ਹੈ। ਉਧਰ ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਸੀਸੀਟੀਵੀ ਫੁਟੇਜ ਖੰਖਾਲ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।