ਜੋਗਿੰਦਰ ਸਿੰਘ ਮਾਨ
ਮਾਨਸਾ, 19 ਮਈ
ਮਾਲਵਾ ਪੱਟੀ ਵਿੱਚ ਲਗਾਤਾਰ ਪੰਜ ਦਿਨਾਂ ਤੋਂ ਤਪਣ ਲੱਗੇ ਮੌਸਮ ਕਾਰਨ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੇ ਸੜਨਾ ਆਰੰਭ ਕਰ ਦਿੱਤਾ ਹੈ। ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਮੰਨਿਆ ਕਿ ਬੀਟੀ ਕਾਟਨ ਦੀ ਛੋਟੀ ਫ਼ਸਲ ਨੇ ਗਰਮੀ ਨਾ ਝੱਲਣ ਕਰਕੇ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਣਕਾਂ ਪਿਛੇਤੀਆਂ ਆਉਣ ਕਾਰਨ ਅਤੇ ਨਹਿਰਾਂ ਦੀ ਬੰਦੀ ਰਹਿਣ ਸਦਕਾ ਨਰਮੇ ਦੀ ਬਿਜਾਈ ਆਮ ਦਿਨਾਂ ਨਾਲੋਂ ਲੇਟ ਹੋਈ ਹੈ, ਜਿਸ ਕਾਰਨ ਬੀਟੀ ਨਰਮਾ ਉੱਗਦਿਆਂ ਹੀ ਮਚਣ ਲੱਗਾ ਹੈ। ਇਹ ਨਰਮਾ ਉਸ ਵੇਲੇ ਮਚਣ ਲੱਗਾ ਹੈ ਜਦੋਂ ਖੇਤੀ ਵਿਭਾਗ ਵੱਲੋਂ ਨਰਮੇ ਹੇਠ ਰਕਬਾ ਵਧਾਉਣ ਦੀ ਇੱਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਹੋਈ ਹੈ।
ਮਹਿਕਮੇ ਦੇ ਮਾਹਿਰਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਤਾਪਮਾਨ ਵਿਚਲੀ ਇਹ ਵਾਧਾ ਲਗਾਤਾਰ ਇਉਂ ਹੀ ਜਾਰੀ ਰਿਹਾ ਤਾਂ ਮਾਲਵਾ ਪੱਟੀ ਦੇ ਰੇਤਲੇ ਖੇਤਰ ’ਚੋਂ ਹਜ਼ਾਰਾਂ ਏਕੜ ਨਰਮੇ ਦੀ ਨਿੱਕੀ ਫ਼ਸਲ ਨੇ ਖੇਤਾਂ ਨੂੰ ਖਾਲੀ ਕਰ ਦੇਣਾ ਹੈ। ਦੱਖਣੀ ਪੰਜਾਬ ਦੇ ਕਿਸਾਨਾਂ ਨੂੰ ਅੱਜਕੱਲ, ਜਿੱਥੇ ਆਪਣੀ ਫ਼ਸਲ ਸੜਨ ਦਾ ਝੋਰਾ ਹੈ, ਉੱਥੇ ਉਨ੍ਹਾਂ ਨੂੰ ਆਪਣੀ ਫ਼ਸਲ ਸੂਰਜ ਦੀ ਲੋਅ ਤੋਂ ਬਚਾਉਣ ਲਈ ਸਭ ਤੋਂ ਵੱਡੀ ਮਾਰ ਬਿਜਲੀ ਦੀ ਘਾਟ ਅਤੇ ਡੀਜ਼ਲ ਦੀ ਮਹਿੰਗਾਈ ਦੀ ਪੈਣ ਲੱਗੀ ਹੈ। ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਇਹ ਛੋਟੀਆਂ ਅਤੇ ਅਗੇਤੀਆਂ ਫ਼ਸਲਾਂ ਲਈ ਹਾਨੀਕਾਰਕ ਗਿਣਿਆ ਜਾਂਦਾ ਹੈ। ਮਾਲਵੇ ਦੇ ਕਿਸਾਨ ਦੀ ਇਸ ਸਮੇਂ ਇੱਕੋ-ਇੱਕ ਟੇਕ ਮੀਂਹ ’ਤੇ ਰੱਖੀ ਬੈਠੇ ਹਨ। ਮੌਸਮ ਮਹਿਕਮੇ ਵੱਲੋਂ 19 ਮਈ ਤੋਂ 22 ਮਈ ਤੱਕ ਭਾਵੇਂ ਮੀਂਹ ਦੇ ਨਾਲ-ਨਾਲ ਤੂਫਾਨ ਵਰਗਾ ਤੇਜ਼ ਝੱਖੜ ਆਉਣ ਦੀ ਚਿਤਾਵਨੀ ਦਿੱਤੀ ਹੈ, ਪਰ ਇਹ ਮੀਂਹ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਨਾ ਪੈਣ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ।
ਗਰਮੀ ਅਤੇ ਲੂ ਨਰਮੇ ਲਈ ਨੁਕਸਾਨਦੇਹ: ਮੁੱਖ ਖੇਤੀ ਅਫ਼ਸਰ
ਮਾਨਸਾ ਦੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਇਸ ਵੇਲੇ ਪੈ ਰਹੀ ਅਤਿ ਦੀ ਗਰਮੀ ਅਤੇ ਲੂ ਨਰਮੇ ਦੇ ਪੌਦਿਆਂ ਲਈ ਨੁਕਸਾਨਦੇਹ ਹੈ। ਉਨ੍ਹਾਂ ਇਸ ਤੋਂ ਨਰਮੇ ਦੇ ਪੌਦਿਆਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਬਿਜਾਈ ਸਵੇਰੇ ਸ਼ਾਮ ਪੂਰੀ ਵੱਤਰ ਵਿੱਚ ਹੀ ਕੀਤੀ ਜਾਵੇ ਤਾਂ ਜੋ ਉੱਗਣ ਸ਼ਕਤੀ ਪੂਰੀ ਰਹੇ।