ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਜਿੱਤਣ ਸਮੇਂ ਵੋਟਰਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮਾਲਵਾ ਖੇਤਰ ਦਾ ਕਿਸਾਨ, ਖੇਤ ਮਜ਼ਦੂਰ, ਵਪਾਰੀ, ਸਨਅਤਕਾਰ, ਦੁਕਾਨਦਾਰ, ਮੁਲਾਜ਼ਮ, ਨੌਜਵਾਨ ਅਤੇ ਦਲਿਤ ਵਰਗ ਡੂੰਘੀ ਨਿਰਾਸ਼ਤਾ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਰੱਖੀ ਹੈ ਅਤੇ ਚਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ, ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦੇ ਭਰਾ ਭਾਗ ਸਿੰਘ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸੰਸਦ ਮੈਂਬਰ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੇ ਪਿਤਾ ਸਹੁਰਾ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਕਰਦੇ ਸਨ ਅਤੇ ਉਨ੍ਹਾਂ ਦੇ ਤਾਇਆ ਸਹੁਰਾ ਗੁਰਦਾਸ ਸਿੰਘ ਬਾਦਲ ਖੇਤੀ ਕਰਦੇ ਸਨ, ਬਿਲਕੁਲ ਉਸੇ ਤਰ੍ਹਾਂ ਬਲਵਿੰਦਰ ਸਿੰਘ ਭੂੰਦੜ ਰਾਜਨੀਤੀ ਕਰਨ ਲੱਗ ਪਏ ਅਤੇ ਉਨ੍ਹਾਂ ਦੇ ਭਰਾ ਭਾਗ ਸਿੰਘ ਭੂੰਦੜ ਖੇਤੀਬਾੜੀ ਦਾ ਧੰਦਾ ਵੇਖਣ ਲੱਗ ਪਏ। ਉਨ੍ਹਾਂ ਕਿਹਾ ਕਿ ਸਾਂਝੇ ਪਰਿਵਾਰਾਂ ਦੀ ਅਜਿਹੀ ਰਵਾਇਤ ਦਾ ਇਲਾਕੇ ਵਿੱਚ ਬਹੁਤ ਸਤਿਕਾਰ ਅਤੇ ਮਿਲੱਪਣ ਮੰਨਿਆ ਜਾਂਦਾ ਸੀ।
ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਜਤਿੰਦਰ ਸਿੰਘ ਮਿੱਢੂ ਖੇੜਾ, ਦਿਲਰਾਜ ਸਿੰਘ ਭੂੰਦੜ, ਪ੍ਰੇਮ ਅਰੋੜਾ, ਡਾ .ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਜਤਿੰਦਰ ਸਿੰਘ ਸੋਢੀ, ਸੁਖਦੇਵ ਸਿੰਘ ਚੈਨੇਵਾਲਾ ਨੇ ਵੀ ਸੰਬੋਧਨ ਕੀਤਾ।

