ਸਿੱਖਿਆ ਵਿਭਾਗ ਨਾਲ ਸਬੰਧਤ ਮਿੱਡ-ਡੇਅ-ਮੀਲ ਕੁੱਕ ਅਤੇ ਦਰਜਾ ਚਾਰ ਕਰਮਚਾਰੀ ਯੂਨੀਅਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਭਖ਼ਦੀਆਂ ਮੰਗਾਂ ’ਤੇ ਪੰਜਾਬ ਸਰਕਾਰ ਗੌਰ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਕਤੂਬਰ ਮਹੀਨੇ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਗਈ। ਯੂਨੀਅਨ ਦੀ ਸੂਬਾ ਕਾਰਜਕਾਰੀ ਪ੍ਰਧਾਨ ਕਮਲਜੀਤ ਕੌਰ ਕਲਿਆਣ ਦੀ ਪ੍ਰਧਾਨਗੀ ’ਚ ਇੱਥੇ ਹੋਈ ਮੀਟਿੰੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨ ਸੁਖਜੀਤ ਕੌਰ ਅਤੇ ਕੁਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ’ਚ ਖਾਨਸਾਮੇ ਵਜੋਂ ਕੰਮ ਕਰਦੀਆਂ ਮਹਿਲਾਵਾਂ ਨੂੰ ਗੁਆਂਢੀ ਰਾਜ ਹਰਿਆਣਾ ਦੀ ਸਰਕਾਰ ਵੱਲੋਂ 7000 ਰੁਪਏ ਮਾਸਿਕ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਵੀ ਮੰਗ ਹੈ ਕਿ ਪੰਜਾਬ ਸਰਕਾਰ ਓਨੀ ਹੀ ਤਨਖਾਹ ਦੇਵੇ।
ਉਨ੍ਹਾਂ 2023 ਵਿੱਚ ਭਰਤੀ ਕੀਤੇ ਦਰਜਾ ਚਾਰ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀ ਦੀ ਤਨਖਾਹ ਦੁੱਗਣੀ ਕਰਨ ਅਤੇ ਉਨ੍ਹਾਂ ਦੇ ਡਿਊਟੀ ਚਾਰਟ ਬਣਾਏ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਸਕੂਲਾਂ ’ਚ ਇਸ ਵੇਲੇ 44301 ਰਸੋਈਏ ਅਤੇ 12000 ਦਰਜਾ ਚਾਰ ਕਰਮਚਾਰੀ ਤਾਇਨਾਤ ਹਨ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਖਾਨਸਾਮਿਆਂ ਵਜੋਂ ਤਾਇਨਾਤ ਬੀਬੀਆਂ ਦੇ ਹਿਤਾਂ ਲਈ ਸਰਕਾਰ ਨੇ ਕੇਨਰਾ ਬੈਂਕ ਨਾਲ ਜੋ ਸਮਝੌਤੇ ਕੀਤੇ ਸਨ, ਸਕੂਲਾਂ ’ਚ ਕੈਂਪ ਲਾ ਕੇ ਕੁੱਕਾਂ ਦੇ ਖਾਤੇ ਖੋਲ੍ਹੇ ਜਾਣ।