ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕਨਵੈਨਸ਼ਨ ਤੇ ਰੋਸ ਮਾਰਚ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਇੱਥੇ ਸ਼ਕਤੀ ਕਲਾ ਮੰਦਿਰ ਹਾਲ ਵਿੱਚ ਫਲਸਤੀਨੀਆਂ ਦੇ ਹੱਕ ਤੇ ਇਜ਼ਰਾਇਲੀ ਜ਼ਬਰ ਵਿਰੁੱਧ ਭਰਵੀਂ ਕਨਵੈਨਸ਼ਨ ਕੀਤੀ ਗਈ। ਉਪਰੰਤ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ’ਚ ਖੁਸ਼ੀਆ ਸਿੰਘ, ਗੋਬਿੰਦ ਸਿੰਘ...
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਇੱਥੇ ਸ਼ਕਤੀ ਕਲਾ ਮੰਦਿਰ ਹਾਲ ਵਿੱਚ ਫਲਸਤੀਨੀਆਂ ਦੇ ਹੱਕ ਤੇ ਇਜ਼ਰਾਇਲੀ ਜ਼ਬਰ ਵਿਰੁੱਧ ਭਰਵੀਂ ਕਨਵੈਨਸ਼ਨ ਕੀਤੀ ਗਈ। ਉਪਰੰਤ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ’ਚ ਖੁਸ਼ੀਆ ਸਿੰਘ, ਗੋਬਿੰਦ ਸਿੰਘ ਛਾਜਲੀ,ਅਵਤਾਰ ਸਿੰਘ ਤਾਰੀ, ਹਰਮੇਲ ਸਿੰਘ ਮਹਿਰੋਕ, ਜਗਜੀਤ ਸਿੰਘ ਲਹਿਰਾ ਤੇ ਪ੍ਰੋ. ਜੈਪਾਲ ਸਿੰਘ ਸ਼ਾਮਲ ਸਨ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਨਿਰਮਲ ਸਿੰਘ ਧਾਲੀਵਾਲ, ਆਰ ਐਮ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਦੇ ਸੁਖਦਰਸ਼ਨ ਨੱਤ, ਸੀ ਪੀ ਆਈ ਐਮ ਐਲ (ਨਿਊਡੈਮੋਕਰੇਸੀ) ਦੇ ਕੁਲਵਿੰਦਰ ਸਿੰਘ ਵੜੈਚ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਅਤੇ ਐੱਮ ਸੀ ਪੀ ਆਈ (ਯੂ) ਦੇ ਆਗੂ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਦੌਰਾਨ ਕਿਹਾ ਕਿ ਇਜ਼ਰਾਈਲ ਅਮਰੀਕਾ ਤੇ ਨਾਟੋ ਗੁੱਟ ਦੀ ਮੱਦਦ ਅਤੇ ਛਤਰਛਾਇਆ ਨਾਲ ਫਲਸਤੀਨੀਆਂ ਦਾ ਸੱਤ ਦਹਾਕਿਆਂ ਤੋਂ ਨਸਲਘਾਤ ਕਰ ਰਿਹਾ ਹੈ। ਇਹ ਫ਼ਲਸਤੀਨ ’ਚ ਪਿਛਲੇ ਦੋ ਸਾਲਾਂ ਤੋਂ ਭਿਆਨਕ ਤਬਾਹੀ ਮਚਾ ਕੇ ਹੁਣ ਤੱਕ 67 ਹਜ਼ਾਰ ਤੋਂ ਵੱਧ ਲੋਕਾਂ ਦਾ ਕਤਲ ਕਰ ਚੁੱਕਾ ਹੈ ਜੋ ਸੰਸਾਰ ਭਰ ਦੇ ਅਮਨਪਸੰਦ ਲੋਕਾਂ ਲਈ ਇਹ ਬਹੁਤ ਵੱਡੀ ਚੁਣੌਤੀ ਹੈ। ਬੁਲਾਰਿਆਂ ਕਿਹਾ ਕਿ ਮਲਬੇ ਦਾ ਰੂਪ ਧਾਰਨ ਕਰ ਚੁੱਕੇ ਗਾਜ਼ਾ ਦੀ ਸਫ਼ਾਈ ‘ਚੋਂ ਵੀ ਕਾਰਪੋਰੇਟ ਕੰਪਨੀਆਂ ਵੱਡੇ ਮੁਨਾਫ਼ੇ ਕਮਾ ਰਹੀਆਂ ਹਨ। ਇਜ਼ਰਾਈਲ ਨੂੰ ਹਥਿਆਰ ਵੇਚਣ ਵਿੱਚ ਵੀ ਵਧੇਰੇ ਅਮਰੀਕਾ ਤੇ ਨਾਟੋ ਗੁੱਟ ਸ਼ਾਮਲ ਹਨ। ਕਨਵੈਨਸ਼ਨ ਵਿੱਚ ਕਾ. ਮਹੀਪਾਲ ਨੇ ਗਾਜ਼ਾ ’ਚੋਂ ਇਜ਼ਰਾਈਲੀ ਫ਼ੌਜਾਂ ਤੁਰੰਤ ਕੱਢਣ ਅਤੇ ਫਲਸਤੀਨ ਦੇਸ਼ ਨੂੰ ਤੁਰੰਤ ਆਜ਼ਾਦ ਕਰਨ ਦੀ ਮੰਗ ਕੀਤੀ। ਕਨਵੈਨਸ਼ਨ ਨੇ ਇਜ਼ਰਾਈਲ ਵੱਲੋਂ ਗਲੋਬਲ ਸਮੁਦ ਫਲੋਟੀਲਾ ਦੇ ਗ੍ਰਿਫ਼ਤਾਰ ਮਾਨਵੀ ਕਾਰਕੁਨਾਂ ਦੀ ਰਿਹਾਈ, ਫਲਸਤੀਨ ’ਤੇ ਲਾਈਆਂ ਪਾਬੰਦੀਆਂ ਹਟਾਉਣ, ਖਾਧ ਖੁਰਾਕ ਪਹੁੰਚਾਉਣ ਲਈ ਖੁੱਲ੍ਹ ਦੇਣ, ਮੱਧ ਭਾਰਤ ਦੇ ਸੂਬਿਆਂ ’ਚ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਝੂਠੇ ਮੁਕਾਬਲੇ ਬੰਦ ਕਰਨ, ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ ਅਤੇ ਜ਼ਮੀਨ ਲੁੱਟਣ ਦੀ ਖੁੱਲ੍ਹ ਬੰਦ ਕਰਨ, ਮਾਓਵਾਦੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ, ਪੰਜਾਬ ‘ਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ, ਹੜ੍ਹਾਂ ਦੇ ਜ਼ਿੰਮੇਵਾਰ ਕਾਰਨਾਂ ਦੀ ਜਾਂਚ ਕਰਨ ਲਈ ਜੁਡੀਸ਼ੀਅਲ ਕਮੀਸ਼ਨ ਬਨਾਉਣ, ਲੇਹ ਲਦਾਖ਼ ਨੂੰ ਪੂਰਨ ਰਾਜ ਦਾ ਦਰਜਾ ਦੇਣ, ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾਈ, ਬਿਹਾਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਐਸ ਆਈ ਆਰ (ਸਪੈਸ਼ਲ ਵੋਟ ਸੋਧ) ਦੀ ਮੁਹਿੰਮ ਬੰਦ ਕਰਨ, ਸਜ਼ਾ ਭੁਗਤ ਚੁੱਕੇ ਸਾਰੇ ਸਿਆਸੀ ਕੈਦੀ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕਰਦੇ ਮਤੇ ਪਾਸ ਕੀਤੇ। ਅਜਮੇਰ ਅਕਲੀਆ, ਇਕਬਾਲ ਕੌਰ ਉਦਾਸੀ, ਰਾਮ ਸਿੰਘ ਹਠੂਰ ਤੇ ਮੰਦਰ ਸਿੰਘ ਜੱਸੀ ਨੇ ਲੋਕ ਪੱਖੀ ਗੀਤਾਂ ਦੀ ਪੇਸ਼ਕਾਰੀ ਕੀਤੀ।