ਮਾਨਸਾ ਸ਼ਹਿਰ ਦੀ ਗਊਸ਼ਾਲਾ ਮਾਰਕੀਟ ਦੀਆਂ ਦੁਕਾਨਾਂ ’ਤੇ ਕੁਝ ਵਿਅਕਤੀਆਂ ਵੱਲੋਂ ਮਾਲਕੀ ਜਤਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਸ ਨੂੰ ਲੈ ਕੇ ਗਊਸ਼ਾਲਾ ਕਮੇਟੀ, ਵਪਾਰ ਮੰਡਲ, ਸ਼ਹਿਰ ਦੇ ਦੁਕਾਨਦਾਰ ਅਤੇ ਦੁਕਾਨਾਂ ਤੇ ਮਾਲਕੀ ਜਤਾਉਣ ਵਾਲੇ ਵਿਅਕਤੀ ਆਹਮੋ-ਸਾਹਮਣੇ ਹੋ ਗਏ ਹਨ। ਸ਼ਹਿਰ ਵਾਸੀਆਂ ਨੇ ਲਗਾਤਾਰ ਦੋ ਦਿਨ ਇਸ ਵਿਰੁੱਧ ਮੁਜ਼ਾਹਰਾ ਕਰਨ ਤੋਂ ਬਾਅਦ ਅੱਜ ਧਰਨਾ ਲਾ ਕੇ ਇਸ ਦਾ ਵਿਰੋਧ ਕੀਤਾ ਅਤੇ ਜੋ ਦੁਕਾਨਦਾਰਾਂ ਵੱਲੋਂ ਲੰਬੇ ਸਮੇਂ ਤੋਂ ਦੁਕਾਨਾਂ ਦਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਸੀ, ਉਨ੍ਹਾਂ ’ਤੇ ਜਿੰਦਰੇ ਜੜ ਦਿੱਤੇ।
ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਗਊਸ਼ਾਲਾ ਦੀ ਇਹ ਜਗ੍ਹਾ ਕਰੀਬ 100 ਸਾਲ ਤੋਂ ਹੈ, ਪਰ ਹੁਣ ਕੁਝ ਵਿਅਕਤੀ ਇਸ ਤੇ ਆਪਣੀ ਮਾਲਕੀ ਜਤਾ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਦੀ ਇਸ ਜਾਇਦਾਦ ਨੂੰ ਭੂ-ਮਾਫੀਆ ਦਾ ਇਕ ਗਰੋਹ ਹਥਿਆਉਣਾ ਚਾਹੁੰਦਾ ਹੈ।
ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਦਾਨ ਵਿਚ ਦਿੱਤੀ ਹੋਈ, ਇਸ ਜਗ੍ਹਾ ਦਾ ਗਊਸ਼ਾਲਾ ਤੋਂ ਇਲਾਵਾ ਕੋਈ ਵੀ ਮਾਲਕ ਨਹੀਂ ਹੈ।
ਇਸ ਦੌਰਾਨ ਧਰਨੇ ਵਿਚ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਅਤੇ ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਗਊਸ਼ਾਲਾ ਦੀ ਇਸ ਜ਼ਮੀਨ ’ਤੇ ਕਬਜ਼ਾ ਕਰਨ ਦਾ ਵਿਰੋਧ ਕਰਦਿਆਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਵਿਚ ਪੰਜਾਬ ਸਰਕਾਰ,ਜ਼ਿਲਾ ਪ੍ਰਸ਼ਾਸ਼ਨ ਸਾਰੇ ਮਸਲੇ ਨੂੰ ਬੈਠਕੇ ਨਿਪਟਾਉਣ ਵਿਚ ਸਹਿਯੋਗ ਕਰੇਗਾ।