DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਦਾ ਕੰਟੋਰਲ ਦਿੱਲੀ ਵਾਲਿਆਂ ਦੇ ਹੱਥ: ਅਨੁਰਾਗ ਠਾਕੁਰ

ਬਠਿੰਡਾ ਏਮਸ ਨੂੰ ਕਮਰਸ਼ੀਅਲ ਰੇਟਾਂ ’ਤੇ ਬਿਜਲੀ ਦੇਣ ਦਾ ਵਿਰੋਧ; ਮਾਮਲਾ ਕੇਂਦਰ ਕੋਲ ਚੁੱਕਣ ਦਾ ਅੈਲਾਨ
  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ। -ਫੋਟੋ: ਪਵਨ ਸ਼ਰਮਾ
Advertisement

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਨੇ ਅੱਜ ਬਠਿੰਡਾ ਏਮਸ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਏਮਸ ਹਸਪਤਾਲ ਨੂੰ ਕਮਰਸ਼ੀਅਲ ਰੇਟ ’ਤੇ ਬਿਜਲੀ ਦੇਣ ਮਾਮਲੇ ’ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਸਮੇਤ ਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਸਟੋਰ ’ਚ ਜ਼ਰੂਰੀ ਦਵਾਈਆਂ ਦੀ ਘਾਟ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਮਾਮਲਾ ਲਿਜਾਣ ਦੀ ਗੱਲ ਕਹੀ।

ਉਨ੍ਹਾਂ ਕਿਹਾ ਕਿ ਬਠਿੰਡਾ ਏਮਸ ’ਚ ਮਰੀਜ਼ਾਂ ਦੇ ਨਾਲ ਆਉਣ ਵਾਲਿਆਂ ਲਈ ਰਹਿਣ ਦੀ ਵਧੀਆ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ’ਚ ਇੱਕ ਰਹਿਣ ਬਸੈਰਾ ਤਿਆਰ ਹੋ ਚੁੱਕਾ ਹੈ, ਜੋ ਮਰੀਜ਼ਾਂ ਦੇ ਵਾਰਸਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਭਾਜਪਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ। ਉਪਰੰਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ’ਚ ਭਾਜਪਾ ਆਪਣੇ ਦਮ ’ਤੇ ਸਰਕਾਰ ਬਣਾਏਗੀ। ਠਾਕੁਰ ਨੇ ਪੰਜਾਬ ਸਰਕਾਰ ’ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿੱਛੋਂ ਕੋਈ ਹੋਰ ਕੰਟਰੋਲ ਕਰ ਰਿਹਾ ਹੈ। ਲੈਂਡ ਪੂਲਿੰਗ ਨੀਤੀ ਬਾਰੇ ਸ੍ਰੀ ਠਾਕੁਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਧੋਖਾਧੜੀ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਹੋਵੇਗਾ।

Advertisement

ਆਪ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ’ਤੇ ਟਿੱਪਣੀ ਕਰਦਿਆਂ ਠਾਕੁਰ ਨੇ ਕਿਹਾ ਕਿ ਦਿੱਲੀ ਦੇ ਸ਼ਰਾਬ ਘੁਟਾਲੇ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਰਹਿ ਲੋਕ ਹੁਣ ਪੰਜਾਬ ਵਿੱਚ ਡੇਰਾ ਲਾਈ ਬੈਠੇ ਹਨ ਅਤੇ ਰਿਮੋਟ ਕੰਟਰੋਲ ਨਾਲ ਸਰਕਾਰ ਚਲਾ ਰਹੇ ਹਨ। ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ’ਤੇ ਵਿਅੰਗ ਕਰਦਿਆਂ ਠਾਕੁਰ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਦੇਸ਼ ’ਚ ਐਮਰਜੈਂਸੀ ਲਾਈ ਸੀ, ਉਹ ਅੱਜ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੀ ਹੈ। ਇਸ ਮੌਕੇ ਸੁਨੀਲ ਸਿੰਗਲਾ, ਯੂਥ ਆਗੂ ਵਰਿੰਦਰ ਸ਼ਰਮਾ, ਸੀਨੀਅਰ ਆਗੂ ਅਸ਼ੋਕ ਬਾਲਿਆਂਵਾਲੀ ਅਤੇ ਐੱਸ ਵਿੰਗ ਮੋਰਚੇ ਦੇ ਪ੍ਰਧਾਨ ਬਲਦੇਵ ਆਕਲੀਆ ਮੌਜੂਦ ਰਹੇ ਪਰ ਭਾਜਪਾ ਬਠਿੰਡਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਹਲਕਾ ਇੰਚਾਰਜ ਪਰਮਪਾਲ ਕੌਰ ਸਿੱਧੂ ਦੀ ਗੈਰਹਾਜ਼ਰੀ ਰੜਕਦੀ ਰਹੀ।

Advertisement
×