ਠੇਕੇਦਾਰ ਨੂੰ ਝਾੜੂ ਨਾਲ ਇਕੱਠੀ ਕਰਨੀ ਪਈ ਨਵੀਂ ਬਣਾਈ ਸੜਕ
ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ’ਚੋਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਕ ਦਾਅਵਿਆਂ ਦੇ ਉਲਟ ਹੈ। ਇਥੇ ਨਗਰ ਨਿਗਮ ਵੱਲੋਂ ਕਥਿਤ ਘਟੀਆ ਮਟੀਰੀਅਲ ਨਾਲ ਨਵੀਂ ਬਣਾਈ ਗਈ ਸੜਕ ਨੂੰ 12 ਘੰਟੇ ਬਾਅਦ ਹੀ ਠੇਕੇਦਾਰ ਨੂੰ ਝਾੜੂ ਨਾਲ ਇਕੱਠੀ ਕਰਨੀ ਪਈ। ਸਮਾਜ ਸੇਵੀ ਵੱਲੋਂ ਇਸ ਸੜਕ ਅਤੇ ਸਹਿਰ ਅੰਦਰ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ।
ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਉੱਤੇ ਉਨ੍ਹਾਂ ਠੇਕੇਦਾਰ ਨੂੰ ਦੁਬਾਰਾ ਨਵੀਂ ਸੜਕ ਬਣਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਸੜਕ ਬਣਨ ਉਪਰੰਤ ਅਗਰ ਕੋਈ ਗੜਬੜੀ ਪਾਈ ਗਈ ਤਾਂ ਠੇਕੇਦਾਰ ਨੂੰ ਅਦਾਇਗੀ ਨਹੀਂ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਇਥੇ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਮਰਹੂਮ ਮਾਂ ਸਰੋਜ ਸੂਦ ਦੇ ਨਾਮ ਅਤੇ ਦਸਹਿਰਾ ਗਰਾਊਂਡ ਰੋਡ ਦੇ ਨਾਮ ਉੱਤੇ ਮਸ਼ਹੂਰ ਸੜਕ ਨਿਰਮਾਣ ’ਚ ਕਥਿਤ ਘਟੀਆ ਮਟੀਰੀਅਲ ਵਰਤਣ ਦਾ ਮਾਮਲਾ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਥਿਤ ਘਟੀਆ ਮਟੀਰੀਅਲ ਨਾਲ ਨਵੀਂ ਬਣਾਈ ਗਈ ਇਹ ਸੜਕ ਨੂੰ 12 ਘੰਟੇ ਬਾਅਦ ਹੀ ਠੇਕੇਦਾਰ ਨੂੰ ਝਾੜੂ ਨਾਲ ਇਕੱਠੀ ਕਰਨੀ ਪਈ।
ਉੱਘੇ ਸਮਾਜ ਸੇਵੀ ਅਤੇ ਸੀਪੀਆਈ ਆਗੂ ਕਾਮਰੇਡ ਡਾ. ਇੰਦਰਬੀਰ ਸਿੰਘ ਗਿੱਲ ਨੇ ਉਕਤ ਸੜਕ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਮਾਨਦਾਰੀ ਨਾਲ ਜਾਂਚ ਹੁੰਦੀ ਹੈ ਤਾਂ ਨਿਰਮਾਣ ਕਾਰਜਾਂ ’ਚ ਕਥਿੱਤ ਤੌਰ ’ਤੇ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹ ਜਾਵੇਗੀ। ਵਿਕਾਸ ਕਾਰਜਾਂ ਵਿੱਚ ਕਥਿਤ ਤੌਰ ਉੱਤੇ ਸਰਕਾਰੀ ਨਿਯਮਾਂ ਮੁਤਾਬਕ ਘੱਟ ਮਾਤਰਾ ਤੇ ਘਟੀਆ ਕਿਸਮ ਦੇ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਥੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਸੁਰੱਖਿਅਤ ਸੜਕਾਂ ਵਿੱਚੋਂ ਇੱਕ ਹਨ। ਵਿਕਾਸ ਕਾਰਜਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਜੜਾਂ ਸਿਰਫ ਬੁਨਿਆਦੀ ਢਾਂਚੇ ਵਿੱਚ ਹੀ ਨਹੀਂ, ਸਗੋਂ ਮਨੁੱਖੀ ਵਿਵਹਾਰ, ਨਿਯਮਾਂ ਨੂੰ ਲਾਗੂ ਕਰਨ ’ਚ ਕਮੀ ਅਤੇ ਸਿਸਟਮ ਪ੍ਰਤੀ ਅਣਗਹਿਲੀ ਵਿੱਚ ਵੀ ਸਮੋਈਆਂ ਹੋਈਆਂ ਹਨ।
ਇਥੇ ਇੱਕ ਠੇਕੇਦਾਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ 20 ਤੋਂ 20 ਫ਼ੀਸਦੀ ਕਮਿਸ਼ਨ ਦੀ ਬਾਂਦਰ ਵੰਡ ਕਾਰਨ ਸੜਕਾਂ ਨੂੰ ਬਣਾਉਣ ਵਾਲੇ ਠੇਕੇਦਾਰ ਘਟੀਆ ਮਟੀਰੀਅਲ ਨਾਲ ਸੜਕਾਂ ਤਿਆਰ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇ ਇਸਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਬਹੁਤ ਤੱਥ ਸਾਹਮਣੇ ਆਉਣਗੇ।