ਖ਼ਪਤਕਾਰ ਕਮਿਸ਼ਨ ਵੱਲੋਂ ਰਿੰਲਾਇਸ ਸੁਪਰ ਸਟੋਰ ਨੂੰ 20 ਹਜ਼ਾਰ ਰੁਪਏ ਹਰਜਾਨਾ
ਗਾਹਕ ਨੂੰ ਕੀਮਤ ਨਾਲੋਂ 15 ਰੁਪਏ ਮਹਿੰਗਾ ਵੇਚਿਆ ਸੀ ਬੇਸਣ
ਸਥਾਨਕ ਖ਼ਪਤਕਾਰ ਕਮਿਸ਼ਨ ਨੇ ਅੱਜ ਆਪਣੇ ਇੱਕ ਹੁਕਮ ਵਿੱਚ ਫਰੀਦਕੋਟ ਦੇ ਰਿਲਾਇੰਸ ਸੁਪਰ ਸਟੋਰ ਨੂੰ 20 ਹਜ਼ਾਰ ਰੁਪਏ ਹਰਜਾਨਾ ਭਰਨ ਦਾ ਹੁਕਮ ਦਿੱਤਾ ਹੈ। ਸੂਚਨਾ ਅਨੁਸਾਰ ਅਮਰਦੀਪ ਸਿੰਘ ਨੇ ਖਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਰਿਲਾਇੰਸ ਸੁਪਰ ਸਟੋਰ ਤੋਂ ਇੱਕ ਕਿਲੋ ਬੇਸਣ ਖਰੀਦਿਆ ਸੀ ਜਿਸ ਉੱਪਰ ਉਸ ਦੀ ਕੀਮਤ 165 ਲਿਖੀ ਸੀ ਪ੍ਰੰਤੂ ਸੁਪਰ ਸਟੋਰ ਨੇ ਖਪਤਕਾਰ ਤੋਂ 180 ਪ੍ਰਾਪਤ ਕੀਤੇ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਰਿਲਾਇੰਸ ਉੱਪਰ ਸਟੋਰ ਨੂੰ ਸਾਮਾਨ ਉੱਪਰ ਲਿਖੀ ਕੀਮਤ ਤੋਂ ਵੱਧ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਸਨੇ ਖਪਤਕਾਰ ਦੀ ਸ਼ਿਕਾਇਤ ਤੋਂ ਬਾਅਦ ਵੀ ਉਸ ਦੀ ਹੱਕਰਸੀ ਨਹੀਂ ਕਰਵਾਈ। ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਰਿਲਾਇੰਸ ਸੁਪਰ ਸਟੋਰ ਖਪਤਕਾਰ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਅਦਾਲਤਾਂ ਦੇ ਗੇੜੇ ਕੱਢਣ ਲਈ ਮਜਬੂਰ ਕਰਨ ਬਦਲੇ 20 ਹਜ਼ਾਰ ਰੁਪਏ ਮੁਆਵਜ਼ਾ 45 ਦਿਨਾਂ ਦੇ ਅੰਦਰ-ਅੰਦਰ ਦੇਵੇ ਅਤੇ ਇਸ ਦੇ ਨਾਲ ਹੀ 15 ਰੁਪਏ ਵਾਧੂ ਪ੍ਰਾਪਤ ਕੀਤੇ ਹੋਏ ਵੀ ਵਾਪਸ ਕੀਤੇ ਜਾਣ। ਰਿਲਾਇੰਸ ਸੁਪਰ ਸਟੋਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਲਿਖ ਕੇ ਲਾਇਆ ਹੋਇਆ ਹੈ ਕਿ ਜੇਕਰ ਉਨ੍ਹਾਂ ਦੇ ਬਿੱਲ ਵਿੱਚ ਕੋਈ ਨੁਕਸ ਕੱਢਦਾ ਹੈ ਤਾਂ ਉਹ 100 ਰੁਪਏ ਵਜੋਂ ਵਾਧੂ ਇਨਾਮ ਵਜੋਂ ਦੇਣਗੇ ਪ੍ਰੰਤੂ ਖ਼ਪਤਕਾਰ ਕਮਿਸ਼ਨ ਨੇ ਕਿਹਾ ਕਿ ਸੁਪਰ ਸਟੋਰ ਵੱਲੋਂ ਜਾਰੀ ਕੀਤਾ ਗਿਆ ਬਿੱਲ ਬਿਨਾਂ ਸ਼ੱਕ ਵਾਧੂ ਪੈਸੇ ਲੈਣ ਦੀ ਪੁਸ਼ਟੀ ਕਰਦਾ ਹੈ ਅਤੇ ਇਹ ਪੈਸੇ ਲੈਣ ਦਾ ਉਨ੍ਹਾਂ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ। ਇਸ ਲਈ ਖਪਤਕਾਰ ਮੁਆਵਜ਼ੇ ਦਾ ਹੱਕਦਾਰ ਹੈ।