ਦੁਕਾਨਦਾਰ ’ਤੇ ਹਮਲੇ ਦੀ ਸਾਜ਼ਿਸ਼ ਕੈਨੇਡਾ ’ਚ ਘੜੀ
ਹਥਿਆਰਾਂ ਸਮੇਤ ਚਾਰ ਕਾਬੂ; ਆਸਟਰੇਲੀਆ ਅਤੇ ਕੈਨੇਡਾ ਵਿੱਚ ਬੈਠੇ ਤਿੰਨ ਸਾਜ਼ਿਸ਼ਘਾੜੇ ਨਾਮਜ਼ਦ
ਮਾਨਸਾ ’ਚ ਕੀਟਨਾਸ਼ਕ ਦਵਾਈਆਂ ਦੇ ਦੁਕਾਨਦਾਰ ’ਤੇ ਗੋਲੀਬਾਰੀ ਦੇ ਮਾਮਲੇ ਦੇ ਤਾਰ ਵਿਦੇਸ਼ ਨਾਲ ਜੁੜ ਗਏ ਹਨ। ਕੈਨੇਡਾ ਬੈਠੇ ਕੁੱਝ ਵਿਅਕਤੀਆਂ ਨੇ ਮਾਨਸਾ ਦੇ ਦੁਕਾਨਦਾਰ ’ਤੇ ਗੋਲੀਬਾਰੀ ਕਰਵਾਉਣ ਦੀ ਸਾਜਿਸ਼ ਰਚੀ। ਦੁਕਾਨਦਾਰ ਦਾ ਲੜਕਾ ਕੈਨੇਡਾ ਦੇ ਸਰੀ ਵਿੱਚ ਪੜ੍ਹਾਈ ਕਰਦਾ ਹੈ ਅਤੇ ਉੱਥੋਂ ਦੀ ਕੁਆਇੰਟਲ ਸਟੂਡੈਂਟਸ ਯੂਨੀਅਨ ਦਾ ਮੀਤ ਪ੍ਰਧਾਨ ਹੈ ਜਿਸ ਨੂੰ ਲਾਂਭੇ ਕਰਨ, ਡਰਾਉਣ-ਧਮਕਾਉਣ ਲਈ ਮਾਨਸਾ ਵਿੱਚ ਉਸ ਦੇ ਪਿਤਾ ’ਤੇ ਗੋਲੀਬਾਰੀ ਕਰਵਾਈ ਗਈ। ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਅਤੇ ਵਿਦੇਸ਼ੀ ਬੈਠੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੁੱਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਮਾਨਸਾ ਦੇ ਦੁਕਾਨਦਾਰ ਸਤੀਸ਼ ਕੁਮਾਰ ਨੀਟੂ ’ਤੇ ਗੋਲੀਬਾਰੀ ਦੀ ਪੜਤਾਲ ਕੀਤੀ ਤੇ ਗੁਰਸਾਹਿਬ ਸਿੰਘ ਵਾਸੀ ਨਾਨਕਪੁਰਾ ਰੋਪੜ, ਰਮਨਪ੍ਰੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ ਅਤੇ ਉਨ੍ਹਾਂ ਦੇ ਸਾਥੀ ਬਲਜਿੰਦਰ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 2 ਪਿਸਤੌਲ ਤੇ 8 ਕਾਰਤੂਸ ਬਰਾਮਦ ਕੀਤੇ ਸਨ। ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਦੀ ਪੁੱਛਗਿੱਛ ’ਤੇ ਪੁਲੀਸ ਨੇ ਮਨਜੋਤ ਸਿੰਘ ਵਾਸੀ ਮਸਾਣੀ (ਜਲੰਧਰ) ਨੂੰ ਕਾਬੂ ਕਰ ਕੇ ਉਸ ਪਾਸੋਂ ਇੱਕ ਪਿਸਤੌਲ 9 ਐੱਮ ਐੱਮ, 2 ਕਾਰਤੂਸ, 1 ਪਿਸਤੌਲ 32 ਬੋਰ ਸਮੇਤ 4 ਕਾਰਤੂਸ ਬਰਾਮਦ ਕੀਤੇ ਹਨ।
ਐੱਸ ਐੱਸ ਪੀ ਨੇ ਦੱਸਿਆ ਕਿ ਸਤੀਸ਼ ਕੁਮਾਰ ਦਾ ਲੜਕਾ ਕੈਨੇਡਾ ਵਿੱਚ ਵਿਦਿਆਰਥੀ ਜਥੇਬੰਦੀ ਲਈ ਚੋਣਾਂ ਲੜ ਰਿਹਾ ਸੀ, ਜਿਸ ਕਰਕੇ ਉਸਦੇ ਪਿਤਾ ਦੀ ਮਾਨਸਾ ਸਥਿਤ ਦੁਕਾਨ ’ਤੇ ਕੁੱਝ ਬੰਦੇ ਭੇਜ ਕੇ ਫਾਇਰਿੰਗ ਕਰ ਕੇ ਪਰਿਵਾਰ ਨੂੰ ਡਰਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਾਜਿਸ਼ ਰਚਣ ਵਾਲੇ ਰਾਜਨ ਭਗਤ ਵਾਸੀ ਬਟਾਲਾ ਹਾਲ ਆਬਾਦ ਕੈਨੇਡਾ, ਸ਼ਰਨਜੀਤ ਸਿੰਘ ਔਲਖ ਉਰਫ ਸ਼ਰਨ ਔਲਖ ਵਾਸੀ ਗੁਰਦਾਸਪੁਰ ਹਾਲ ਕੈਨੇਡਾ ਤੇ ਜਸਪ੍ਰੀਤ ਸਿੰਘ ਉਰਫ ਜਸਗਿੱਲ ਵਾਸੀ ਲਾਲੋਮਾਜਰਾ ਹਾਲ ਆਬਾਦ ਆਸਟਰੇਲੀਆ ਨੂੰ ਨਾਮਜ਼ਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

