DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਲਾਕ ਮਹਿਲ ਕਲਾਂ ਵਿੱਚ ਸਿਰਫ਼ ਇੱਕ ਥਾਂ ਸਰਬਸੰਮਤੀ

ਮੂੰਮ ਵਾਸੀਆਂ ਨੇ ਰਜ਼ਾਮੰਦੀ ਨਾਲ ਚੁਣੀ ਪੰਚਾਇਤ; ਮੁਕਤਸਰ ਦੇ ਪਿੰਡ ਚੱਕ ਬਾਜਾ ਮਰਾੜ੍ਹ ਵਿੱਚ ਲੋਕਾਂ ਨੇ ਕਾਇਮ ਰੱਖੀ ਸਾਂਝ
  • fb
  • twitter
  • whatsapp
  • whatsapp
featured-img featured-img
ਪਿੰਡ ਮੂੰਮ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।
Advertisement

ਲਖਵੀਰ ਸਿੰਘ ਚੀਮਾ

ਮਹਿਲ ਕਲਾਂ­, 9 ਅਕਤੂਬਰ

Advertisement

ਬਲਾਕ ਮਹਿਲ ਕਲਾਂ ਦੀਆਂ 38 ਵਿੱਚੋਂ ਕੇਵਲ ਇੱਕ ਪੰਚਾਇਤ ਹੀ ਸਰਬਸੰਮਤੀ ਨਾਲ ਚੁਣੀ ਗਈ ਹੈ ਜਦਕਿ ਬਾਕੀ ਪਿੰਡਾਂ ਵਿੱਚ ਇਹ ਚੋਣ ਵੋਟਾਂ ਨਾਲ ਨੇਪਰੇ ਚੜ੍ਹੇਗੀ। ਬਲਾਕ ਦੇ ਪਿੰਡ ਮੂੰਮ ਵਿੱਚ ਸਰਪੰਚ ਲਖਵੀਰ ਸਿੰਘ ਅਤੇ 9 ਵਾਰਡਾਂ ਦੇ ਪੰਚ ਪਿੰਡ ਵਾਸੀਆਂ ਨੇ ਰਜ਼ਾਮੰਦੀ ਨਾਲ ਚੁਣੇ ਲਏ ਹਨ। ਇਸ ਤੋਂ ਪਹਿਲਾਂ ਪਿੰਡ ਦੇ ਵਾਰਡ ਨੰਬਰ ਇਕ ਵਿੱਚ ਦੋ ਜਣਿਆਂ ਵੱਲੋਂ ਕਾਗਜ਼ ਦਾਖ਼ਲ ਕੀਤੇ ਗਏ ਸਨ। ਪਿੰਡ ਦੇ ਸਾਬਕਾ ਏਐੱਸਆਈ ਮਲਕੀਤ ਸਿੰਘ ਦੀ ਪ੍ਰੇਰਣਾ ਸਦਕਾ ਇੱਕ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਲੈ ਲਏ, ਜਿਸ ਨਾਲ ਸਾਰੀ ਪੰਚਾਇਤ ਦੀ ਹੀ ਸਰਬਸੰਮਤੀ ਹੋ ਗਈ। ਮਲਕੀਤ ਸਿੰਘ ਨੇ ਇੱਕ ਲੱਖ ਰੁਪਏ ਫ਼ੰਡ ਵੀ ਨਵੀਂ ਪੰਚਾਇਤ ਨੂੰ ਵਿਕਾਸ ਲਈ ਦਿੱਤਾ ਹੈ। ਅੱਜ ਪਿੰਡ ਵਾਸੀਆਂ ਵੱਲੋਂ ਸਮੁੱਚੀ ਚੁਣੀ ਗਈ ਪੰਚਾਇਤ ਦਾ ਸਨਮਾਨ ਵੀ ਕੀਤਾ ਗਿਆ।

ਇਸ ਤੋਂ ਇਲਾਵਾ ਹਲਕਾ ਮਹਿਲ ਕਲਾਂ ਅਧੀਨ ਬਲਾਕ ਸ਼ਹਿਣਾ ਦੇ ਪਿੰਡ ਟੱਲੇਵਾਲ ਖ਼ੁਰਦ ਦੀ ਪੰਚਾਇਤ ਵੀ ਸਰਬਸੰਮਤੀ ਨਾਲ ਚੁਣੀ ਗਈ। ਸਰਪੰਚ ਕਰਮਜੀਤ ਕੌਰ ਸਮੇਤ 5 ਪੰਚ ਪਿੰਡ ਵਾਸੀਆਂ ਨੇ ਸਹਿਮਤੀ ਨਾਲ ਚੁਣ ਲਏ ਜਿਨ੍ਹਾਂ ਦਾ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਸਨਮਾਨ ਵੀ ਕੀਤਾ ਗਿਆ, ਉਥੇ ਸਮੁੱਚੇ ਨਗਰ ਨੂੰ ਆਪਣੀ ਭਾਈਚਾਰਾ ਕਾਇਮ ਰੱਖਣ ਦੀ ਵਧਾਈ ਦਿੱਤੀ ਗਈ।

ਇਸ ਤੋਂ ਇਲਾਵਾ ਮਹਿਲ ਕਲਾਂ ਬਲਾਕ ਦੀਆਂ 38 ਪੰਚਾਇਤਾਂ ਵਿੱਚ 168 ਪੰਚ ਨਿਰਵਿਰੋਧ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਪੰਚ ਸਰਬਸੰਮਤੀ ਅਤੇ ਕੁਝ ਪੰਚ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਚੁਣੇ ਗਏ ਹਨ। ਹੁਣ ਬਲਾਕ ਮਹਿਲ ਕਲਾਂ ਦੀਆਂ ਪੰਚਾਇਤਾਂ ਲਈ 102 ਸਰਪੰਚ ਅਤੇ 303 ਪੰਚ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਸ਼ਹਿਣਾ (ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਬਲਾਕ ਸ਼ਹਿਣਾ ਵਿੱਚ 122 ਸਰਪੰਚ ਤੇ 237 ਪੰਚ ਚੋਣ ਮੈਦਾਨ ਵਿੱਚ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ ਨੇ ਦੱਸਿਆ ਕਿ ਬਲਾਕ ਸ਼ਹਿਣਾ ਵਿੱਚ 18 ਸਰਪੰਚ ਨਿਰਵਿਰੋਧ ਚੁਣੇ ਗਏ ਹਨ।

ਪਿੰਡ ਚੱਕ ਬਾਜਾ ਮਰਾੜ੍ਹ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ।

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿੰਡ ਚੱਕ ਬਾਜਾ ਮਰਾੜ੍ਹ ਵਿੱਚ ਸਰਬਸੰਮਤੀ ਨਾਲ ਪਰਗਟ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਲਿਆ ਗਿਆ ਹੈ ਜਦਕਿ ਪ੍ਰੀਤਮ ਕੌਰ, ਗੁਰਮੀਤ ਸਿੰਘ, ਧਰਮਿੰਦਰ ਸਿੰਘ, ਨਵਜੋਤ ਕੌਰ ਅਤੇ ਸੋਨੀ ਸਿੰਘ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ। ਨਵੀਂ ਚੁਣੀ ਪੰਚਾਇਤ ਦਾ ਸਨਮਾਨ ਕਰਦਿਆਂ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸਰਬਸੰਮਤੀ ਦੀ ਚੋਣ ਕਰ ਕੇ ਪਿੰਡ ਵਾਸੀਆਂ ਨੇ ਏਕੇ ਦਾ ਸਬੂਤ ਦਿੱਤਾ ਹੈ। ਨਵੇਂ ਚੁਣੇ ਸਰਪੰਚ ਪਰਗਟ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਅਤੇ ਚੜ੍ਹਦੀਕਲਾ ਲਈ ਹਮੇਸ਼ਾ ਸਾਰਥਿਕ ਯਤਨ ਕਰਨਗੇ ਅਤੇ ਸਮੁੱਚੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।

ਸਰਬਸੰਮਤੀ ਨਾਲ ਚੁਣੀ ਲਲਿਹਾਂਦੀ ਦੀ ਪੰਚਾਇਤ

ਪਿੰਡ ਲਲਿਹਾਂਦੀ ਦੇ ਸਰਬਸੰਮਤੀ ਸਰਪੰਚ ਚੁਣੇ ਜੋਗਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਵਿਧਾਇਕ ਲਾਡੀ ਢੋਸ।

ਧਰਮਕੋਟ (ਪੱਤਰ ਪ੍ਰੇਰਕ): ਪਿੰਡ ਲਲਿਹਾਂਦੀ ਦੀ ਪੰਚਾਇਤ ਸਰਬਸੰਮਤੀ ਚੁਣੀ ਗਈ ਹੈ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਦਖ਼ਲ ਅਤੇ ਅਧਿਆਪਕ ਆਗੂ ਸਰਬਜੀਤ ਸਿੰਘ ਸੰਧੂ ਦੇ ਯਤਨਾਂ ਨਾਲ ਇਹ ਸਰਬਸੰਮਤੀ ਹੋਈ ਹੈ। 365 ਵੋਟਰਾਂ ਵਾਲਾ ਪਿੰਡ ਲਲਿਹਾਂਦੀ ਦੋ ਪਿੰਡਾਂ ਦਾ ਸੁਮੇਲ ਹੈ। ਇਕ ਹੋਰ ਛੋਟਾ ਜਿਹਾ ਪਿੰਡ ਕਾਹਨੇਵਾਲਾ ਇਸ ਦਾ ਹਿੱਸਾ ਹੈ। ਇੱਥੇ ਆਪ ਦੇ ਤਿੰਨ ਉਮੀਦਵਾਰਾਂ ਵਿਚਾਲੇ ਸਰਪੰਚੀ ਨੂੰ ਲੈ ਕੇ ਖਿੱਚੋਤਾਣ ਸੀ। ਪੰਚਾਇਤ ਦੀ ਅਗਵਾਈ ਸਰਪੰਚ ਜੋਗਿੰਦਰ ਸਿੰਘ ਸੰਧੂ ਕਰਨਗੇ ਜਦਕਿ ਪੰਚਾਂ ਵਿੱਚ ਗੁਰਚੈਨ ਸਿੰਘ ਕਾਲਾ, ਗੁਲਾਬ ਸਿੰਘ, ਦਿਆਲ ਸਿੰਘ, ਰਾਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਸ਼ਾਮਲ ਹਨ। ਅਧਿਆਪਕ ਆਗੂ ਸਰਬਜੀਤ ਸਿੰਘ ਸੰਧੂ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ‘ਆਪ’ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ। ਸਰਪੰਚ ਜੋਗਿੰਦਰ ਸਿੰਘ ਨੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਆਪਣੀ ਵੱਚਨਬੱਧਤਾ ਦੁਹਰਾਈ ਹੈ।

Advertisement
×