ਜਲਾਲਾਬਾਦ ’ਚ ਆਬਜ਼ਰਵਰ ਸਾਹਮਣੇ ਆਪਸ ’ਚ ਉਝਲੇ ਕਾਂਗਰਸੀ
ਦੋਵੇਂ ਧਿਰਾਂ ਇੱਕ-ਦੂਜੇ ਖ਼ਿਲਾਫ਼ ਨਿੱਤਰੀਆਂ; ਘੁਬਾਇਆ ਨੇ ਵਿਰੋਧੀਆਂ ’ਤੇ ਲਾਏ ਭਾਡ਼ੇ ਦੇ ਬੰਦੇ ਲਿਆਉਣ ਦੇ ਦੋਸ਼
ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵਿਚਕਾਰ ਜਲਾਲਾਬਾਦ ਵਿੱਚ ਚੱਲ ਰਹੀ ਧੜੇਬਾਜ਼ੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸ ਦੀ ਮਿਸਾਲ ਅੱਜ ਬਾਹਮਣੀ ਵਾਲਾ ਨਜ਼ਦੀਕ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਵਿੱਚ ਦੇਖਣ ਨੂੰ ਮਿਲੀ। ਇਥੇ ਆਬਜ਼ਰਵਰ ਚੇਲਾ ਰਾਮ ਦੇ ਸਾਹਮਣੇ ਕਾਂਗਰਸੀ ਵਰਕਰਾਂ ਨੇ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਾਏ। ਜਾਣਕਾਰੀ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਆਬਜ਼ਰਵਰ ਚੇਲਾ ਕੁਮਾਰ ਅੱਜ-ਕੱਲ੍ਹ ਜਲਾਲਾਬਾਦ ਹਲਕੇ ਵਿੱਚ ਕਾਂਗਰਸੀ ਵਰਕਰਾਂ ਨਾਲ ਤਾਲਮੇਲ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਸਹੀ ਉਮੀਦਵਾਰ ਦੀ ਚੋਣ ਕਰਨ ਤਹਿਤ ਵਰਕਰਾਂ ਨੂੰ ਨਿੱਜੀ ਤੌਰ ’ਤੇ ਮਿਲ ਰਹੇ ਹਨ। ਇਸੇ ਲੜੀ ਤਹਿਤ ਅੱਜ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਵੱਖ-ਵੱਖ ਲੀਡਰ ਸੰਬੋਧਨ ਕਰ ਰਹੇ ਸਨ ਅਤੇ ਜਦੋਂ ਐੱਮ ਪੀ ਸ਼ੇਰ ਸਿੰਘ ਘੁਬਾਇਆ ਦੀ ਵਾਰੀ ਆਈ ਤਾਂ ਉਨ੍ਹਾਂ ਓ ਬੀ ਸੀ ਚੇਅਰਮੈਨ ਰਾਜ ਬਖ਼ਸ਼ ਕੰਬੋਜ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਉਸ ਨੇ ਉਨ੍ਹਾਂ ਦਾ ਲੋਕ ਸਭਾ ਚੋਣਾਂ ਵਿੱਚ ਅੰਦਰਖਾਤੇ ਵਿਰੋਧ ਕੀਤਾ ਸੀ ਅਤੇ ਅੱਜ ਵੀ ਉਹ ਇਸ ਮੀਟਿੰਗ ਵਿੱਚ ਭਾੜੇ ਦੇ ਬੰਦੇ ਲੈ ਕੇ ਆਇਆ ਹੋਇਆ ਹੈ। ਜਿਵੇਂ ਹੀ ਐਮ ਪੀ ਦੇ ਮੂੰਹੋਂ ਇਹ ਗੱਲ ਨਿਕਲੀ ਤਾਂ ਰਾਜ ਬਖਸ਼ ਕੰਬੋਜ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਕੀਤਾ। ਦੇਖਦੇ ਹੀ ਦੇਖਦੇ ਮਾਹੌਲ ਇੰਨਾ ਗਰਮਾ ਗਿਆ ਕਿ ਗੱਲ ਤੂੰ-ਤੂੰ ਮੈਂ-ਮੈਂ ਤੋਂ ਗਾਲੀ ਤੇ ਗਲੋਚ ਤੱਕ ਪਹੁੰਚ ਗਈ। ਇਸ ਦੌਰਾਨ ਰਾਜ ਬਖਸ਼ ਕੰਬੋਜ ਆਪਣੇ ਸਮਰਥਕਾਂ ਨੂੰ ਲੈ ਕੇ ਮੀਟਿੰਗ ਤੋਂ ਬਾਹਰ ਆ ਗਏ ਅਤੇ ਆਬਜ਼ਰਵਰ ਨੂੰ ਵੀ ਮੀਟਿੰਗ ਵਿਚਾਲੇ ਛੱਡ ਕੇ ਵੱਖਰੇ ਕਮਰੇ ਵਿੱਚ ਬੈਠ ਕੇ ਵਰਕਰਾਂ ਦੀ ਰਾਏ ਲੈਣ ਲੱਗੇ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਐੱਮ ਪੀ ਸ਼ੇਰ ਸਿੰਘ ਘੁਬਾਇਆ ਅਨੇਕਾਂ ਵਾਰ ਆਪਣੇ ਬਿਆਨਾਂ ਵਿੱਚ ਸ਼ਰੇਆਮ ਕਹਿ ਚੁੱਕੇ ਹਨ ਕਿ ਉਕਤ ਆਗੂ ਨੇ ਚੋਣਾਂ ਵਿੱਚ ਉਸ ਮੁਖਾਲਫ਼ਤ ਕੀਤੀ ਹੈ। ਆਗੂ ਰਾਜ ਬਖਸ਼ ਦੇ ਸਮਰਥਕ ਵੀ ਕਾਫੀ ਸਮੇਂ ਤੋਂ ਘੁਬਾਇਆ ਦੀ ਹਰਕਤ ਕਾਰਨ ਨਾਰਾਜ਼ ਚੱਲ ਰਹੇ ਸਨ ਅਤੇ ਅੱਜ ਦੋਵਾਂ ਗਰੁੱਪਾਂ ਵਿਚਕਾਰ ਸੁਲਘ ਰਹੀ ਨਫ਼ਰਤ ਦੀ ਅੱਗ ਵਿੱਚ ਘੁਬਾਇਆ ਦੇ ਬਿਆਨ ਨੇ ਤੇਲ ਵਾਲਾ ਕੰਮ ਕਰ ਦਿੱਤਾ ਅਤੇ ਜਿਹੜੀ ਮੀਟਿੰਗ ਲੋਕਾਂ ਨੂੰ ਇਹ ਵਿਖਾਉਣ ਵਾਸਤੇ ਰੱਖੀ ਗਈ ਸੀ ਕਿ ਆਉਣ ਵਾਲੀਆਂ ਚੋਣਾਂ ਲਈ ਕਾਂਗਰਸ ਮਜ਼ਬੂਤ ਹੈ ਪਰ ਇਹ ਮੀਟਿੰਗ ਕਾਂਗਰਸ ਪਾਰਟੀ ਦੀ ਧੜੇਬੰਦੀ ਦਾ ਸ਼ਿਕਾਰ ਹੋ ਗਈ।