ਕਾਂਗਰਸ ਵੱਲੋਂ ਸਿਸੋਦੀਆ ਖ਼ਿਲਾਫ਼ ਕਾਰਵਾਈ ਲਈ ਮੁਜ਼ਾਹਰੇ
ਸ਼ਗਨ ਕਟਾਰੀਆ
ਬਠਿੰਡਾ, 26 ਅਗਸਤ
ਮਨੀਸ਼ ਸਿਸੋਦੀਆ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਸਾਮ, ਦਾਮ, ਦੰਡ, ਭੇਦ ਬਾਰੇ ਦਿੱਤੇ ਬਿਆਨ ਵਿਰੁੱਧ ਜ਼ਿਲ੍ਹਾ ਕਾਂਗਰਸ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਖ਼ੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਅੱਜ ਕਾਂਗਰਸੀ ਵਰਕਰਾਂ ਨੇ ਇੱਥੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਡੀਸੀ ਰਾਜੇਸ਼ ਧੀਮਾਨ ਅਤੇ ਐੱਸਐੱਸਪੀ ਅਮਨੀਤ ਕੌਂਡਲ ਨੂੰ ਰਾਜਪਾਲ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪੇ। ਉਨ੍ਹਾਂ ਮੰਗ ਕੀਤੀ ਗਈ ਕਿ ਸਿਸੋਦੀਆ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰ ਕੇ ਚੋਣਾਂ ਜਿੱਤਣ ਦੇ ਦੋਸ਼ਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਵੇ।
ਪੱਤਰ ਦੇਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਖ਼ੁਸ਼ਬਾਜ਼ ਜਟਾਣਾ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਮਹਿਲਾ ਕਾਂਗਰਸੀ ਆਗੂ ਕਿਰਨਦੀਪ ਕੌਰ ਵਿਰਕ, ਅੰਮ੍ਰਿਤਾ ਗਿੱਲ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਟਹਿਲ ਸਿੰਘ ਸੰਧੂ, ਕ੍ਰਿਸ਼ਨ ਸਿੰਘ ਭਾਗੀ ਵਾਂਦਰ, ਦਰਸ਼ਨ ਸਿੰਘ ਸੰਧੂ, ਜਗਜੀਤ ਸਿੰਘ ਰਾਏਕੇ ਕਲਾਂ, ਮਨਜੀਤ ਸਿੰਘ, ਸੁਖਦੀਪ ਸਿੰਘ, ਸੰਦੀਪ ਸਿੰਘ, ਅੰਗਰੇਜ਼ ਸਿੰਘ ਭਗਤਾ ਭਾਈਕਾ, ਭੁਪਿੰਦਰ ਗੋਰਾ, ਕਿਰਨਜੀਤ ਸਿੰਘ ਗਹਿਰੀ ਆਦਿ ਨੇ ਆਖਿਆ ਕਿ ਪੰਜਾਬ ਦੇ ਲੋਕ ਵੋਟ ਰਾਜਨੀਤੀ ’ਚ ਵਿਸ਼ਵਾਸ਼ ਕਰਦੇ ਹੋਏ, ਆਪਣੀ ਸੋਚ ਮੁਤਾਬਿਕ ਸਰਕਾਰਾਂ ਚੁਣਦੇ ਹਨ। ਜੇਕਰ ਕੋਈ ਸਰਕਾਰ ਕੰਮ ਨਾ ਕਰੇ, ਤਾਂ ਫਿਰ ਅਗਲੀ ਵਾਰ ਹਾਰ ਦਾ ਮੂੰਹ ਵੀ ਦਿਖਾ ਦਿੰਦੇ ਹਨ। ਇਸ ਲਈ ਦਿੱਲੀ ਦੇ ਹਾਰੇ ਹੋਏ ਲੀਡਰਾਂ ਨੂੰ ਇਹ ਸੋਚ ਕੇ ਪੰਜਾਬ ਵਿੱਚ ਬਿਆਨਬਾਜ਼ੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇ ‘ਆਪ’ ਨੂੰ ਦਿੱਲੀ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਤਾਂ ਫਿਰ ਪੰਜਾਬ ਵਿੱਚ ਵੀ ਮਾਨ ਸਰਕਾਰ ਨੇ ਲੋਕਾਂ ਦੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਿਹਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ‘ਆਪ’ ਵਾਲੇ ਧੱਕੇਸ਼ਾਹੀ ਕਰਨ ਦੀਆਂ ਭੁਲੇਖੇ ਬਾਜ਼ੀਆਂ ਦੂਰ ਕਰ ਲੈਣ, ਕਿਉਂਕਿ ਪੰਜਾਬੀ ਕਦੇ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਲੀਡਰਸ਼ਿਪ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰ ਹੈ ਅਤੇ ਹਰ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਵੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਖਿਲਾਫ਼ ਕਾਰਵਾਈ ਕਰਨ ਲਈ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਕੋਲ ਸ਼ਿਕਾਇਤ ਕੀਤੀ ਗਈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ‘ਆਪ’ ਆਗੂ ਵੱਲੋਂ ਕਈ ਦਿਨ ਪਹਿਲਾਂ 2027 ਦੀਆਂ ਚੋਣਾਂ ਜਿੱਤਣ ਲਈ ਪਾਰਟੀ ਵਰਕਰਾਂ ਨੂੰ ਲੜਾਈ, ਝਗੜੇ ਕਰਨ ਲਈ ਜੋ ਸ਼ੋਸਲ ਮੀਡੀਆ ’ਤੇ ਉਤਸ਼ਾਹਿਤ ਕੀਤਾ, ਉਸ ਖ਼ਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਕਰਕੇ ਹੁਣ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਰਾਹੀਂ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਪਾਰਟੀ ਵਰਕਰਾਂ ਨੂੰ ਹਿੰਸਾ ਅਤੇ ਲੜਾਈ ਕਰਨ ਲਈ ਉਕਸਾਉਣਾ, ਜਿਸ ਨਾਲ ਸਮਾਜਿਕ ਸ਼ਾਂਤੀ ਭੰਗ ਹੋ ਸਕਦੀ ਹੈ।