ਕਾਂਗਰਸ ਨੇ ਨਿਗਮ ਚੋਣਾਂ ਦੀ ਤਿਆਰੀ ਖਿੱਚੀ
ਨਗਰ ਨਿਗਮ ਚੋਣਾਂ ਦੇ ਪ੍ਰਸੰਗ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿੱਚ ਕਾਂਗਰਸ ਦੇ ਪੰਜ ਮੈਂਬਰੀ ਵਫ਼ਦ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਪੱਤਰ ਰਾਹੀਂ ਮੰਗ ਕੀਤੀ ਕਿ ਬਠਿੰਡਾ ਸ਼ਹਿਰ...
ਨਗਰ ਨਿਗਮ ਚੋਣਾਂ ਦੇ ਪ੍ਰਸੰਗ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿੱਚ ਕਾਂਗਰਸ ਦੇ ਪੰਜ ਮੈਂਬਰੀ ਵਫ਼ਦ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਪੱਤਰ ਰਾਹੀਂ ਮੰਗ ਕੀਤੀ ਕਿ ਬਠਿੰਡਾ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਹੋਏ ਇਜ਼ਾਫ਼ੇ ਨਾਲ ਵੋਟਰਾਂ ਦੀ ਵਧੀ ਗਿਣਤੀ ਨਿਗਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੀ ਜਾਵੇ।
ਰਾਜਨ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੇ ਮੌਜੂਦਾ 50 ਵਾਰਡਾਂ ਦੀ ਗਿਣਤੀ ਵਧਣੀ ਲਗਪਗ ਤੈਅ ਹੈ। ਉਨ੍ਹਾਂ ਦੱਸਿਆ ਕਿ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਵਾਰਡਬੰਦੀ ਦੇ ਆਧਾਰ ’ਤੇ ਜੋ ਨਵੀਆਂ ਲਿਸਟਾਂ ਬਣੀਆਂ ਹਨ, ਉਹ ਕਾਂਗਰਸ ਪਾਰਟੀ ਨੂੰ ਜਾਰੀ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਦੀਆਂ ਸੂਚੀਆਂ ਮੁੱਖ ਚੋਣ ਕਮਿਸ਼ਨ ਦੀਆਂ ਸੂਚੀਆਂ ਨਾਲ ਮੇਲ ਨਹੀਂ ਖਾ ਰਹੀਆਂ। ਉਨ੍ਹਾਂ ‘ਘਪਲੇਬਾਜ਼ੀ’ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਯੂ ਆਈ ਡੀ ਨੰਬਰ ਤਹਿਤ ਬਣੀਆਂ ਵੋਟਾਂ ਅਤੇ ਨੰਬਰਾਂ ਤੋਂ ਬਿਨਾਂ ਰਿਹਾਇਸ਼ੀ ਇਲਾਕੇ ਦੀਆਂ ਬਣੀਆਂ ਵੋਟਾਂ ਵੀ ਨਿਗਮ ਵਿੱਚ ਸ਼ਾਮਲ ਕੀਤੀਆਂ ਜਾਣ। ਉਨ੍ਹਾਂ ਵਿਧਾਨ ਸਭਾ ਵੋਟਰ ਸੂਚੀਆਂ ਵਿੱਚ ਸ਼ਾਮਲ ਵੋਟਰਾਂ ਦੇ ਨਾਂਅ ਨਗਰ ਨਿਗਮ ਵੋਟਰ ਸੂਚੀਆਂ ਵਿੱਚ ਸ਼ਾਮਲ ਕਰਨ, ਐੱਸ ਸੀ, ਬੀ ਸੀ, ਓ ਬੀ ਸੀ ਅਤੇ ਹੋਰ ਜਾਤੀ ਆਧਾਰਿਤ ਜਨ-ਗਣਨਾ ਦੇ ਬਣੇ ਬਲਾਕ ਬਰਕਰਾਰ ਰੱਖਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਵਾਰਡਬੰਦੀ ਸਬੰਧੀ ਪਾਰਟੀ ਨੂੰ ਨਕਸ਼ਾ ਮੁਹੱਈਆ ਨਾ ਕਰਵਾਇਆ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਅਸ਼ੋਕ ਕੁਮਾਰ, ਬਲਜਿੰਦਰ ਠੇਕੇਦਾਰ, ਮਾਧਵ ਸ਼ਰਮਾ, ਹਰਵਿੰਦਰ ਲੱਡੂ, ਰਾਜਨਦੀਪ ਅਤੇ ਬਲਜੀਤ ਸਿੰਘ ਵੀ ਹਾਜ਼ਰ ਸਨ।

