ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਭੀਖੀ ਬਲਾਕ ਨੂੰ ਤੋੜਨ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਖ਼ਤ ਸਟੈਂਡ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਰਾਹੀਂ ਇੱਕ ਮੰਗ ਪੱਤਰ ਭੇਜਿਆ ਗਿਆ। ਉਨ੍ਹਾਂ ਬਲਾਕ ਨੂੰ ਤੋੜਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਬਲਾਕਾਂ ਦੇ ਪੁਨਰਗਠਨ ਨੂੰ ਲੈ ਕੇ ਭੀਖੀ ਬਲਾਕ ਨਾਲ ਸਬੰਧਤ 33 ਪਿੰਡਾਂ ਦੇ ਲੋਕਾਂ ਵਿੱਚ ਭਾਰੀ ਸਹਿਮ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਡੀਸੀ ਨੂੰ ਭੀਖੀ ਬਲਾਕ ਤੋੜਨ ਖ਼ਿਲਾਫ਼ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਲੋਕਾਂ ਦੇ ਸਹਿਮ ਨੂੰ ਦੂਰ ਕਰਨ ਵਾਸਤੇ ਜ਼ਿਲ੍ਹੇ ਦੇ ਮੁਖੀ ਹੁੰਦਿਆਂ ਹੋਇਆ ਉਨ੍ਹਾਂ ਨੂੰ ਵਿਸ਼ੇਸ਼ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਸਮੇਤ ਹੋਰ ਆਗੂ ਵੀ ਸ਼ਾਮਲ ਸਨ।
ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ, ਇੱਕ ਬਲਾਕ ਕਰਕੇ, ਜਿੱਥੇ ਆਮ ਲੋਕਾਂ ਦੀ ਖੱਜਲ-ਖੁੁਆਰੀ ਤੇ ਪ੍ਰੇਸ਼ਾਨੀ ਵਧਾਉਣ ’ਚ ਲੱਗੀ ਹੋਈ ਹੈ, ਉਥੇ ਆਉਣ ਵਾਲੀਆਂ ਪੰਚਾਇਤ ਸੰਮਤੀ ਚੋਣਾਂ ਵਿੱਚ ਇਸਦਾ ਰਾਜਨੀਤਿਕ ਫਾਇਦਾ ਵੀ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੁੁਨਰਗਠਨ ਦੇ ਨਾਮ ’ਤੇ 80 ਤੋਂ 120 ਪਿੰਡਾਂ ਦਾ ਇਕ ਬਲਾਕ ਬਣਾ ਰਹੀ ਹੈ ਤੇ 2011 ਵਿੱਚ ਹੋਈ ਜਨਗਣਨਾ ਦੇ ਆਧਾਰ ’ਤੇ ਲਾਗੂ ਕਰ ਰਹੀ ਹੈ ਪ੍ਰੰਤੂ ਇਸ ਦੇ ਉਲਟ ਅੱਜ ਜਨਗਣਨਾ ਦੇ 14 ਸਾਲ ਬਾਅਦ ਮਾਨਸਾ ਜ਼ਿਲ੍ਹੇ ਦੀ ਆਬਾਦੀ ਵਿੱਚ ਜੋ ਵਾਧਾ ਹੋਇਆ ਹੈ, ਉਸ ਦੇ ਮੁੁਤਾਬਿਕ ਇਹ ਬਲਾਕ ਘਟਾਉਣੇ ਨਹੀਂ, ਸਗੋਂ ਵਧਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਨੂੰ ਇਹ ਬੇਲੋੜੇ ਤਜ਼ਰਬੇ ਛੱਡਕੇ ਪੰਜਾਬ ਨੂੰ ਤਰੱਕੀ ਤੇ ਖੁੁਸ਼ਹਾਲੀ ਦੇ ਰਾਹ ’ਤੇ ਲੈਕੇ ਜਾਣਾ ਚਾਹੀਦਾ ਹੈ, ਜਿਸ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਇਸ ਮੌਕੇ ਪਵਨ ਕੁੁਮਾਰ, ਪ੍ਰਗਟ ਸਿੰਘ ਖੀਵਾ, ਰਾਜੀਵ ਗਾਂਧੀ, ਵਰਿੰਦਰ ਬਿੱਟੂ, ਬਲਦੇਵ ਸਿੰਘ, ਨੇਮ ਚੰਦ, ਸੁੁਖਦਰਸ਼ਨ ਖਾਰਾ, ਹਰਵਿੰਦਰ ਸ਼ਰਮਾ, ਚੰਦਰ ਸ਼ੇਖਰ ਨੰਦੀ, ਪ੍ਰਿਤਪਾਲ ਸ਼ਰਮਾ, ਸਤੀਸ਼ ਮਹਿਤਾ, ਕਰਨੈਲ ਸਿੰਘ, ਅੰਮ੍ਰਿਤਪਾਲ ਕੂਕਾ, ਅਮਰੀਕ ਅਲੀਸ਼ੇਰ, ਪ੍ਰਭਜੋਤ ਫਫੜੇ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਅੰਮ੍ਰਿਤਪਾਲ ਗੋਗਾ, ਰਵਿੰਦਰ ਬਾਵਾ, ਗੁੁਰਸੇਵਕ ਢੂੰਡਾ ਤੇ ਗੁੁਰਦੀਪ ਸਿੰਘ ਮੌਜੂਦ ਸਨ।