ਮੋਗਾ ’ਚ ਸਿਖਰ ’ਤੇ ਪੁੱਜੀ ਕਾਂਗਰਸ ਦੀ ਧੜੇਬੰਦੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜੁਲਾਈ
ਮੋਗਾ ਜ਼ਿਲ੍ਹੇ ਵਿੱਚ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਗਈ ਹੈ। ਕਾਂਗਰਸ ਹਾਈਕਮਾਂਡ ਇਨ੍ਹਾਂ ਧੜਿਆਂ ਨੂੰ ਤੋੜਨ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ। ਇਸ ਕਥਿਤ ਧੜੇਬੰਦੀ ਕਾਰਨ ਪਾਰਟੀ ਦਾ ਕਿਲ੍ਹਾ ਮੰਨੇ ਜਾਂਦੇ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਵਿਚੋਂ ਕਾਂਗਰਸ ਪਿਛੜ ਰਹੀ ਹੈ।
ਸੂਬਾ ਕਾਂਗਰਸ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਵਿੱਢੀ ਮੁਹਿੰਮ ਤਹਿਤ ਇਥੇ ਇਥੇ ਸ਼ਹਿਰ ’ਚ ਹਲਕਾ ਕੋਆਰਡੀਨੇਟਰ ਅਤੇ ਆਬਜ਼ਰਵਰ ਰਾਜਿੰਦਰ ਛਾਬੜਾ ਅਤੇ ਧਰੁਵ ਅਗਰਵਾਲ ਵੱਲੋਂ ਦੋ ਗੁੱਟਾਂ ਨਾਲ ਵੱਖੋ ਵੱਖਰੀ ਵਰਕਿੰਗ ਮੀਟਿੰਗ ਕੀਤੀ। ਇਨ੍ਹਾਂ ਮੀਟਿੰਗਾਂ ਵਿਚੋਂ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵੀ ਗੈਰਹਾਜ਼ਰ ਸਨ। ਇਥੇ ਇੱਕ ਧੜੇ ਦੇ ਆਗੂ ਅਤੇ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਵੱਲੋਂ ਅਤੇ ਦੂਜੇ ਧੜੇ ਵੱਲੋਂ ਸ਼ਹਿਰੀ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਜੋ ਅਦਾਕਾਰ ਸੋਨੂ ਸੂਦ ਦੀ ਭੈਣ ਹੈ ਦੀ ਅਗਵਾਈ ਹੇਠ ਵਰਕਰ ਮੀਟਿੰਗ ਕੀਤੀ ਗਈ।
ਇਥੇ ਇੱਕ ਧੜੇ ਦੇ ਆਗੂ ਅਤੇ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਵੱਲੋਂ ਰੱਖੀ ਮੀਟਿੰਗ ਵਿਚ ਹਲਕਾ ਕੋਆਰਡੀਨੇਟਰ ਅਤੇ ਆਬਜ਼ਰਵਰ ਰਾਜਿੰਦਰ ਛਾਬੜਾ ਅਤੇ ਧਰੁਵ ਅਗਰਵਾਲ ਨੇ ਆਖਿਆ ਕਿ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ 2027 ਵਿਚ ਕਾਂਗਰਸ ਸ਼ਾਨਦਾਰ ਜਿੱਤ ਹਾਸਲ ਕਰਕੇ ਪੰਜਾਬ ਵਿਚ ਸਰਕਾਰ ਬਣਾਏਗੀ। ਉਨ੍ਹਾਂ ਆਖਿਆ ਕਿ ਰੁੱਸਿਆਂ ਨੂੰ ਘਰ-ਘਰ ਜਾ ਕੇ ਮਨਾਇਆ ਜਾਵੇਗਾ।
ਇਸ ਮੌਕੇ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਨੇ ਕਿਹਾ ਕਿ ਹੁਣ ਸੂਬੇ ਦੀ ਜਨਤਾ ‘ਆਪ’ ਦਾ ਬਦਲ ਕਾਂਗਰਸ ਨੂੰ ਦੇਖ ਰਹੀ ਹੈ, ਜਿਸ ਲਈ ਪਾਰਟੀ ਬੜੀ ਮਜਬੂਤੀ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਪੰਜਾਬ ’ਚ ਭ੍ਰਿਸ਼ਟਾਚਾਰ ਤੇ ਗੈਗਸਟਰਾਂ ਦਾ ਬੋਲਬਾਲਾ ਹੈ, ਕੋਈ ਵੀ ਅਧਿਕਾਰੀ ਬਿਨਾਂ ਪੈਸਿਆਂ ਤੋਂ ਕੰਮ ਨਹੀਂ ਕਰ ਰਿਹਾ। ਆਏ ਦਿਨ ਪੰਜਾਬ ਅੰਦਰ ਦਿਨ-ਦਿਹਾੜੇ ਚੱਲਦੀਆਂ ਗੋਲੀਆਂ ਨਾਲ ਕਤਲ ਹੋ ਰਹੇ ਹਨ, ਜਿਸ ਕਾਰਨ ਪੰਜਾਬ ਦੀ ‘ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਹੁਣ ਭੰਗ ਹੋ ਗਿਆ ਹੈ।
ਪਰਮਪਾਲ ਤਖ਼ਤੂਪੁਰਾ ਵੱਲੋ ਰੱਖੀ ਮੀਟਿੰਗ ਵਿਚ ਸਾ. ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸਾ. ਮੰਤਰੀ ਡਾ ਮਾਲਤੀ ਥਾਪਰ, ਗੁਰਵਿੰਦਰ ਸਿੰਘ ਦੌਲਤਪੁਰਾ, ਰਾਵਿੰਦਰ ਬਜਾਜ ਪ੍ਰਧਾਨ ਮਹਿਲਾ ਕਾਂਗਰਸ, ਰੋਹਿਨ ਵਰਮਾ ਪ੍ਰਧਾਨ ਯੂਥ ਕਾਂਗਰਸ ਮੋਗਾ, ਵਿਕਰਮ ਪੱਤੋ ਪ੍ਰਧਾਨ ਓਬੀਸੀ ਸੈੱਲ ਦੀਪੂ ਸਹੋਤਾ ਸਾਬਕਾ ਐੱਸਪੀ ਬਲਬੀਰ ਖਹਿਰਾ, ਸਾਹਿਲ ਅਰੋੜਾ ਕੌਂਸਲਰ, ਪਵਿੱਤਰ ਢਿੱਲੋਂ ਭਾਨੂ ਪ੍ਰਤਾਪ,ਮੱਟੂ ਮਨੋੁਜ ਭੰਡਾਰੀ ਸਾਰੇ ਸਾਬਕਾ ਕੌਂਸਲਰ ਤੇ ਹੋਰ ਆਗੂ ਹਾਜ਼ਰ ਸਨ ਜਦੋਂ ਕਿ ਮਾਲਵਿਕਾ ਸੂਦ ਵੱਲੋਂ ਰੱਖੀ ਮੀਟਿੰਗ ਵਿਚ ਸਾ.ਵਿਧਾਇਕ ਵਿਜੇ ਸਾਥੀ, ਡਾ. ਪਵਨ ਥਾਪਰ, ਸਾ ਸ਼ਹਿਰੀ ਪ੍ਰਧਾਨ ਓਪਿੰਦਰ ਗਿੱਲ, ਇੰਦਰਜੀਤ ਬੀੜ ਚੜਿੱਕ, ਹਰੀ ਸਿੰਘ ਖਾਈ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।