ਅਜਿੱਤਗਿੱਲ ’ਚੋਂ ਅਕਾਲੀ ਦਲ ਦਾ ਮੁਕੰਮਲ ਸਫ਼ਾਇਆ: ਅਮੋਲਕ ਸਿੰਘ
ਸ਼ਗਨ ਕਟਾਰੀਆ
ਜੈਤੋ, 13 ਜੁਲਾਈ
ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਅੱਜ ਉਦੋਂ ਵੱਡਾ ਬਲ ਮਿਲਿਆ, ਜਦੋਂ ਪਿੰਡ ਅਜਿੱਤਗਿੱਲ ਦੇ ਕਥਿਤ 50 ਤੋਂ ਵੱਧ ਪਰਿਵਾਰਾਂ ਨੇ ਸਿਆਸੀ ਕਾਟਾ ਬਦਲ ਕੇ ਆਪ ਦਾ ਦਾਮਨ ਫੜ ਲਿਆ। ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸਭ ਨੂੰ ਇੱਕ ਸਮਾਗਮ ਦੌਰਾਨ ‘ਆਪ’ ਵਿੱਚ ਸ਼ਾਮਲ ਕੀਤਾ।
ਅਮੋਲਕ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ’ਚੋਂ ਬਹੁ-ਗਿਣਤੀ ਉਹ ਵਿਅਕਤੀ ਹਨ, ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਸੀ। ਉਨ੍ਹਾਂ ਕਿਹਾ ਕਿ ਛੋਟੇ ਜਿਹੇ ਪਿੰਡ ਦੇ ਵਸਨੀਕਾਂ ਵੱਲੋਂ ਵੱਡੀ ਗਿਣਤੀ ਵਿੱਚ ਸਿਆਸੀ ਪਾਲਾ ਬਦਲਣ ਨਾਲ ਅਜਿੱਤਗਿੱਲ ਵਿੱਚੋਂ ਅਕਾਲੀ ਦਲ ਦਾ ਮੁਕੰਮਲ ਸਫ਼ਾਇਆ ਹੋ ਗਿਆ ਹੈ। ਵਿਧਾਇਕ ਨੇ ‘ਆਪ’ ਵਿੱਚ ਸ਼ਾਮਲ ਹੋਏ ਵਿਅਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਿੱਜੀ ਯੋਗਤਾ ਦੇ ਮੁਤਾਬਿਕ ਸਭ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ।
‘ਆਪ’ ਵਿੱਚ ਪ੍ਰਵੇਸ਼ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਕਹਿਣਾ ਸੀ ਕਿ ਉਹ ਲੰਮੇ ਅਰਸੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਲੁੱਟ-ਖਸੁੱਟ ਦੇ ਮੁਕਾਬਲੇ ‘ਆਪ’ ਦੀ ਪਾਰਦਰਸ਼ੀ ਸਰਕਾਰ ਦੇ ਕੰਮਾਂ ਨੇ ਉਨ੍ਹਾਂ ਨੂੰ ਇੰਨਾ ਕੁ ਕਾਇਲ ਕੀਤਾ ਕਿ ਉਨ੍ਹਾਂ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਦਾ ਫੈਸਲਾ ਕਰ ਲਿਆ।
ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਚੇਅਰਮੈਨ ਗੋਬਿੰਦਰ ਵਾਲੀਆ, ਟਰੱਕ ਅਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਸਰਪੰਚ ਰਣਧੀਰ ਸਿੰਘ ਢੈਪਈ, ਬਲਾਕ ਪ੍ਰਧਾਨ ਸੁਖਰੀਤ ਰੋਮਾਣਾ ਆਦਿ ਹਾਜ਼ਰ ਸਨ। ‘ਆਪ’ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਰਾਜਿੰਦਰ ਸਿੰਘ, ਡਾ. ਜਸਵਿੰਦਰ ਸਿੰਘ ਸਿੱਧੂ, ਸਤਿਵੀਰ ਸਿੰਘ, ਸਤਵਿੰਦਰ ਸਿੰਘ, ਬਖ਼ਤਾਵਰ ਸਿੰਘ, ਰਾਜਾ ਸਿੰਘ, ਦੇਸਾ ਸਿੰਘ ਪੰਚ, ਆਸ਼ਾ ਰਾਣੀ ਪੰਚ, ਪਰਮਜੀਤ ਕੌਰ ਪੰਚ, ਜੋਤੀ ਸ਼ਰਮਾ ਪੰਚ, ਬਬਲਦੀਪ ਸਿੰਘ ਪੰਚ, ਸ਼ਿਵਜੀਤ ਸਿੰਘ, ਹਰਦੀਪ ਸਿੰਘ, ਜਸਕਰਨ ਸ਼ਰਮਾ, ਗੁਰਦੀਪ ਸਿੰਘ, ਰਾਜਿੰਦਰ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ ਗਿੱਲ, ਜਗਮੇਲ ਸਿੰਘ ਗਿੱਲ, ਗੁਰਦੀਪ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਆਦਿ ਦੇ ਨਾਂਅ ਵਰਨਣਯੋਗ ਹਨ।