ਜਾਅਲੀ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ ਤਹਿਸੀਲਦਾਰ ਨੂੰ ਸ਼ਿਕਾਇਤ
ਸੀ. ਮਾਰਕੰਡਾ
ਤਪਾ ਮੰਡੀ,6 ਜੁਲਾਈ
ਤਪਾ ਤਹਿਸੀਲ ’ਚ ਕਿਸੇ ਹੋਰ ਦੇ ਨਾਂ ’ਤੇ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਕਿਸੇ ਹੋਰ ਨੂੰ ਜਾਅਲੀ ਜੀਵਨ ਸਿੰਘ ਵਜੋਂ ਪੇਸ਼ ਕਰਕੇ ਘਰ ਦੀ ਰਜਿਸਟਰੀ ਕਰਵਾਉਣ ’ਤੇ ਤਹਿਸੀਲਦਾਰ ਤਪਾ ਨੂੰ ਧੋਖਾਧੜੀ ਦੀ ਸ਼ਿਕਾਇਤ ਕੀਤੀ ਗਈ। ਘਰ ਦੇ ਅਸਲੀ ਮਾਲਕ ਜੀਵਨ ਸਿੰਘ ਨੇ ਦੱਸਿਆ ਕਿ ਰਜਿਸਟਰੀ ਕਰਵਾਉਣ ਸਮੇਂ ਆਧਾਰ ਕਾਰਡ, ਗਵਾਹ ਅਤੇ ਨੰਬਰਦਾਰ ਜਾਂ ਐਮਸੀ ਦੀ ਪਛਾਣ ਅਤੇ ਤਸਦੀਕ ਜ਼ਰੂਰੀ ਹੁੰਦੀ ਹੈ ਪਰ ਰਜਿਸਟਰੀ ਲਿਖਣ ਵਾਲੇ ਨੇ ਇਸ ਸ਼ਰਤ ਦੀ ਪਰਵਾਹ ਨਹੀਂ ਕੀਤੀ। ਕੁਝ ਦਿਨਾਂ ਬਾਅਦ ਘਰ ਦੇ ਅਸਲੀ ਮਾਲਕ ਜੀਵਨ ਸਿੰਘ ਨੂੰ ਪਤਾ ਲੱਗਿਆ ਤਾਂ ਉਸਨੇ ਤਹਿਸੀਲਦਾਰ ਪਾਸ ਸ਼ਿਕਾਇਤ ਕੀਤੀ ਕਿ ਉਸ ਦੇ ਗੁਆਂਢੀ ਨੇ ਕਿਸੇ ਹੋਰ ਨੂੰ ਜੀਵਨ ਸਿੰਘ ਬਣਾ ਕੇ ਰਜਿਸਟਰੀ ਕਰਵਾ ਦਿੱਤੀ ਹੈ। ਇੱਕ ਮਹਿਲਾ ਕੌਂਸਲਰ ਅਤੇ ਗੁਆਂਢੀ ਨੇ ਗਵਾਹੀਆਂ ਪਾ ਦਿੱਤੀਆਂ ਹਨ। ਉੱਚ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਰਜਿਸਟਰੀ ਕਰਵਾਉਣ ਵਾਲੇ ਨੂੰ ਜਾਅਲੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੀ ਪੁਲੀਸ ਪਾਸ ਰਿਪੋਰਟ ਦਰਜ ਕਰਵਾਈ ਜਾਵੇਗੀ।
ਇਸ ਸਬੰਧੀ ਜਦੋਂ ਤਹਿਸੀਲਦਾਰ ਓਂਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਰਜਿਸਟਰੀ ਸਬੰਧੀ ਸ਼ਿਕਾਇਤ ਮਿਲ ਗਈ ਹੈ ਜਿਸ ਕਾਰਨ ਫ਼ੈਸਲਾ ਬਾਕੀ ਹੈ। ਗਵਾਹਾਂ, ਐਮਸੀ ਅਤੇ ਅਰਜ਼ੀ ਨਵੀਸ ਤੋਂ ਇਲਾਵਾ ਆਧਾਰ ਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੇ ਹੀ ਅਸਲ ਨਤੀਜੇ ’ਤੇ ਪਹੁੰਚਿਆ ਜਾਵੇਗਾ।