ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਸੀਈਟੀ ਪ੍ਰੀਖਿਆ
ਗਰੁੱਪ ਸੀ ਅਸਾਮੀਆਂ ਲਈ ਸਾਂਝੀ ਯੋਗਤਾ ਪ੍ਰੀਖਿਆ (ਸੀਈਟੀ) ਲਈ ਪ੍ਰਸ਼ਾਸਨ ਵੱਲੋਂ ਸਖ਼ਤ ਇੰਤਜਾਮ ਕੀਤੇ ਗਏ। ਦੋ ਗੇੜਾਂ ’ਚ ਪ੍ਰੀਖਿਆ ਸ਼ਾਂਤੀਪੂਰਨ ਨੇਪਰੇ ਚੜ੍ਹੀ। ਪ੍ਰੀਖਿਆਰਥੀਆਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਜਾਮ ਵਰਗੀ ਸਥਿਤੀ ਬਣੀ ਰਹੀ। ਸਮਾਜ ਸੇਵੀ ਸੰਸਥਾਵਾਂ ਵੱਲੋਂ ਹੈਲਪ ਡੈਕਸ ਤੇ ਪੀਣ ਲਈ ਪਾਣੀ ਤੇ ਲੰਗਰ ਵੀ ਲਾਏ ਗਏ। ਸਿਰਸਾ ਜ਼ਿਲ੍ਹਾ ਵਿੱਚ 64 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਪ੍ਰੀਖਿਆਰਥੀਆਂ ਨੂੰ ਲਿਆਉਣ ਤੇ ਲੈ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਰ ਸੌ ਤੋਂ ਜ਼ਿਆਦਾ ਬੱਸਾਂ ਦਾ ਇੰਤਜਾਮ ਕੀਤਾ ਗਿਆ ਉੱਥੇ ਹੀ ਬਹੁਤ ਸਾਰੇ ਪ੍ਰੀਖਿਆਰਥੀ ਆਪਣੇ ਵਾਹਨਾਂ ’ਤੇ ਵੀ ਪ੍ਰੀਖਿਆ ਕੇਂਦਰ ਪਹੁੰਚੇ। ਪ੍ਰੀਖਿਆ ਕੇਂਦਰਾਂ ਦੇ ਅੰਦਰ ਦਾਖ਼ਲ ਹੋਣ ਲਈ ਪ੍ਰੀਖਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਪ੍ਰੀਖਿਆ ਕੇਂਦਰਾਂ ’ਚ ਦਾਖਲ ਹੋਣ ਲਈ ਸਿਰਫ ਐਡਮਿਟ ਕਾਰਡ ਤੇ ਇਕ ਹੋਰ ਆਈਡੀ ਹੀ ਪ੍ਰੀਖਿਆਰਥੀਆਂ ਨੂੰ ਅੰਦਰ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਜਦੋਂਕਿ ਕਈ ਸੱਜ ਵਿਆਹੀਆਂ ਦੀਆਂ ਚੂੜੀਆਂ, ਗਹਿਣੇ ਆਦਿ ਉਤਾਰਨ ਲਈ ਮਜਬੂਰ ਕੀਤਾ ਗਿਆ। ਇਥੋਂ ਤੱਕ ਕਿ ਰੁਮਾਲ, ਘੜੀ, ਪੈਨ ਪੈਨਸਿਲ ਵੀ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਏਲਨਾਬਾਦ ਤੋਂ ਪ੍ਰੀਖਿਆਰਥੀਆਂ ਲਈ 40 ਬੱਸਾਂ ਦਾ ਪ੍ਰਬੰਧ
ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ 26 ਤੇ 27 ਜੁਲਾਈ ਨੂੰ ਕਰਵਾਈ ਸੀਈਟੀ ਪ੍ਰੀਖਿਆ ਲਈ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਸਦਕਾ ਪ੍ਰੀਖਿਆ ਦੇਣ ਲਈ ਏਲਨਾਬਾਦ ਤੋਂ ਫਤਿਹਾਬਾਦ ਅਤੇ ਹਿਸਾਰ ਗਏ ਬੱਚਿਆਂ ਦੇ ਪਰਿਵਾਰ ਸੰਤੁਸ਼ਟ ਅਤੇ ਖੁਸ਼ ਦਿਖਾਈ ਦਿੱਤੇ। ਅੱਜ ਏਲਨਾਬਾਦ ਖੇਤਰ ਦੇ ਲਗਪਗ 1700 ਬੱਚੇ ਦੋਵੇਂ ਸ਼ਿਫਟਾਂ ਵਿੱਚ ਪੇਪਰ ਦੇਣ ਲਈ ਫਤਿਹਾਬਾਦ ਅਤੇ ਹਿਸਾਰ ਪਹੁੰਚੇ। ਟਰਾਂਸਪੋਰਟ ਵਿਭਾਗ ਵੱਲੋਂ ਏਲਨਾਬਾਦ ਰੂਟ ਦੇ ਇੰਚਾਰਜ ਇੰਸਪੈਕਟਰ ਕ੍ਰਿਸ਼ਨ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਏਲਨਾਬਾਦ ਪਿਕਅੱਪ ਪੁਆਇੰਟ ਤੋਂ ਪ੍ਰੀਖਿਆਰਥੀਆਂ ਲਈ 40 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ।