‘ਜਿਸ ਦਾ ਖੇਤ ਉਸ ਦੀ ਰੇਤ’ ਦੇ ਦਾਅਵੇ ਫੋਕੇ
ਪਿੰਡ ਮੰਝਲੀ ਦੇ ਕਿਸਾਨ ਨੂੰ ਖੇਤਾਂ ’ਚੋਂ ਰੇਤ ਕੱਢਣ ਤੋਂ ਰੋਕਿਆ; ਕਿਸਾਨ ਜਥੇਬੰਦੀ ਵੱਲੋਂ ਮੁਜ਼ਾਹਰਾ
ਹਲਕੇ ਦੇ ਦਰਿਆ ਕਿਨਾਰੇ ਵੱਸਦੇ ਪਿੰਡ ਮੰਝਲੀ ਦੇ ਕਿਸਾਨ ਨੂੰ ਆਪਣੇ ਖੇਤਾਂ ’ਚੋਂ ਰੇਤ ਨਿਕਾਸੀ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਹਰਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਇਜਾਜ਼ਤ ਪੱਤਰ ਮਿਲਣ ਮਗਰੋਂ ਆਪਣੇ ਖੇਤਾਂ ਵਿੱਚੋਂ ਰੇਤ ਨਿਕਾਸੀ ਲਈ ਕੰਮ ਕਰ ਰਹੇ ਹਨ ਪਰ ਤਿੰਨ ਦਿਨਾਂ ਤੋਂ ਮਾਇਨਿੰਗ ਵਿਭਾਗ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਤੋਂ ਰੇਤ ਠੇਕੇਦਾਰੀ ਦਾ ਦਾਅਵਾ ਕਰਨ ਵਾਲੇ ਲਾਲ ਸਿੰਘ ਤੇ ਪੀਟਰ ਨਾਮੀ ਵਿਅਕਤੀ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਦੇ ਖੇਤਰ ਵਿੱਚੋਂ ਰੇਤ ਨਿਕਾਸੀ ਨਹੀਂ ਹੋਣ ਦੇ ਰਹੇ ਹਨ। ਦੋ ਦਿਨ ਪਹਿਲਾਂ ਕਿਸਾਨ ਮਜ਼ਦੂਰ ਸਘੰਰਸ ਕਮੇਟੀ ਵਲੋਂ ਕਿਸਾਨ ਦੇ ਹੱਕ ਵਿੱਚ ਰੋਸ ਮੁਜਾਹਰਾ ਕਰਨ ਤੋਂ ਬਾਅਦ ਪ੍ਰਸ਼ਾਸਨ ਪਿੱਛੇ ਹੱਟ ਗਿਆ ਸੀ ਪਰ ਮੁੜ ਉਕਤ ਕਿਸਾਨ ਨੂੰ ਰੇਤ ਵੇਚਣ ਤੋਂ ਰੋਕਿਆ ਗਿਆ ਹੈ। ਮਾਈਨਿੰਗ ਵਿਭਾਗ ਦੇ ਜੇਈ ਅਭਿਨਵ ਸਿਸੋਦੀਆ ਨੇ ਦੱਸਿਆ ਕਿ ਉਕਤ ਜ਼ਮੀਨ ਜੰਗਲਾਤ ਵਿਭਾਗ ਦੀ ਮਾਲਕੀ ਹੋਣ ਕਾਰਨ ਉਨ੍ਹਾਂ ਨੇ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ ਜਿਸ ਸਦਕਾ ਕਿਸਾਨ ਨੂੰ ਰੇਤ ਨਿਕਾਸੀ ਤੋਂ ਰੋਕਿਆ ਜਾ ਰਿਹਾ ਹੈ।
ਦੂਜੇ ਪਾਸੇ ਕਿਸਾਨ ਹਰਨਾਮ ਸਿੰਘ ਨੇ ਜ਼ਮੀਨ ਦੀਆਂ ਸਾਲਾਂ ਪੁਰਾਣੀਆਂ ਗੁਰਦਾਵਰੀਆ ਅਤੇ ਕਬਜ਼ੇ ਦਾ ਰਿਕਾਰਡ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸੇ ਜ਼ਮੀਨ ਦਾ ਸਰਕਾਰ ਵਲੋਂ ਅਨੇਕਾਂ ਵਾਰ ਸਮੇਂ ਸਮੇਂ ਤੇ ਹੜ੍ਹਾਂ ਦੌਰਾਨ ਮੁਆਵਜ਼ਾ ਵਗੈਰਾ ਦਿੱਤਾ ਜਾਂਦਾ ਰਿਹਾ ਹੈ। ਪਹਿਲਾਂ ਕਦੇ ਵੀ ਜੰਗਲਾਤ ਵਿਭਾਗ ਨੇ ਜ਼ਮੀਨ ’ਤੇ ਆਪਣੀ ਮਾਲਕੀ ਦਾ ਹੱਕ ਨਹੀਂ ਜਤਾਇਆ ਹੈ। ਕਿਸਾਨ ਨੇ ਦੋਸ਼ ਲਾਇਆ ਕਿ ਵਿਭਾਗ ਰੇਤ ਠੇਕੇਦਾਰਾਂ ਨਾਲ ਮਿਲਕੇ ਉਨ੍ਹਾਂ ਨੂੰ ਨਜਾਇਜ਼ ਪ੍ਰੇਸ਼ਾਨ ਕਰ ਰਿਹਾ ਹੈ। ਇਸ ਦੌਰਾਨ ਕਿਸਾਨ ਹਰਨਾਮ ਸਿੰਘ ਦੇ ਹੱਕ ਵਿੱਚ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਗਰੁੱਪ ਦੇ ਪ੍ਰਧਾਨ ਸਤਨਾਮ ਸਿੰਘ ਹਰੀਕੇ ਸਾਥੀਆਂ ਨਾਲ ਪਿੰਡ ਮੰਝਲੀ ਪੁੱਜੇ ਤੇ ਪ੍ਰਸ਼ਾਸਨ ਨੂੰ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।
ਜਾਣਕਾਰੀ ਮੁਤਾਬਕ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਅੱਜ ਉਕਤ ਜ਼ਮੀਨ ਦੀ ਪੜਤਾਲ ਲਈ ਆਉਣਾ ਸੀ ਲੇਕਿਨ ਕਿਸਾਨਾਂ ਨਾਲ ਤਕਰਾਰ ਦੇ ਡਰੋਂ ਉਹ ਨਾਂ ਆਏ।

