ਸ਼ਗਨ ਕਟਾਰੀਆ
ਜੈਤੋ, 29 ਦਸੰਬਰ
ਸੀਆਈਏ ਜੈਤੋ ਨੇ ਵੱਖ-ਵੱਖ ਮਾਮਲਿਆਂ ’ਚ ਛੱਜਘਾੜਾ ਬਸਤੀ ਜੈਤੋ ਦੀਆਂ ਵਾਸੀ ਦੋ ਮਹਿਲਾਵਾਂ ਨੂੰ ਸ਼ਰਾਬ ਅਤੇ ਹੈਰੋਇਨ ਸਮੇਤ ਕਾਬੂ ਕੀਤਾ।
ਪਹਿਲੇ ਮਾਮਲੇ ’ਚ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ ’ਤੇ ਇੱਕ ਕਬਾੜ ਦੀ ਦੁਕਾਨ ਵਿੱਚ ਛਾਪਾ ਮਾਰ ਕੇ ਚੰਡੀਗੜ੍ਹ ’ਚ ਵਿਕਰੀ ਲਈ ਬਣੀ ਸ਼ਰਾਬ ਦੀਆਂ 142 ਬੋਤਲਾਂ ਬਰਾਮਦ ਕੀਤੀਆਂ। ਮੁਖ਼ਬਰ ਨੇ ਪੁਲੀਸ ਨੂੰ ਦੱਸਿਆ ਕਿ ਛੱਜਘਾੜਾ ਮੁਹੱਲੇ ’ਚ ਰਹਿੰਦੀ ਕਮਲਾ ਦੇਵੀ ਪਤਨੀ ਪੱਪੂ ਕੁਮਾਰ ਬਾਹਰਲੇ ਰਾਜਾਂ ਤੋਂ ਸ਼ਰਾਬ ਲਿਆ ਕੇ, ਇੱਥੇ ਮਹਿੰਗੇ ਭਾਅ ਵੇਚਣ ਦੀ ਆਦੀ ਹੈ ਅਤੇ ਹੁਣ ਵੀ ਉਹ ਆਪਣੀ ਕਬਾੜ ਦੀ ਦੁਕਾਨ ’ਤੇ ਸ਼ਰਾਬ ਵੇਚ ਰਹੀ ਹੈ। ਪੁਲੀਸ ਨੇ ਤੁਰੰਤ ਛਾਪਾ ਮਾਰ ਕੇ, ਕਮਲਾ ਦੇਵੀ ਨੂੰ ਸ਼ਰਾਬ ਸਮੇਤ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਥਾਣਾ ਜੈਤੋ ਵਿੱਚ ਐਕਸਾਈਜ਼ ਐਕਟ 61/1/14 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੂਜੇ ਮਾਮਲੇ ’ਚ ਸਬ ਇੰਸਪੈਕਟਰ ਗੁਰਲਾਲ ਸਿੰਘ ਅਤੇ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਰਜਨੀ ਪਤਨੀ ਸੋਨੀ ਨੂੰ ਉਸ ਦੇ ਘਰ ਨੇੜਿਓਂ ਛੱਜ ਘਾੜਾ ਬਸਤੀ ’ਚੋਂ 50 ਗ੍ਰਾਮ 46 ਮਿਲੀਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁਲੀਸ ਜਦੋਂ ਗਸ਼ਤ ਕਰ ਰਹੀ ਸੀ ਤਾਂ ਰਸਤੇ ’ਚ ਮਿਲੀ ਰਜਨੀ ਪੁਲੀਸ ਨੂੰ ਵੇਖ ਕੇ ਘਬਰਾ ਗਈ ਅਤੇ ਤੇਜ਼ ਕਦਮੀਂ ਇੱਕ ਗਲੀ ਵਿੱਚ ਵੜ ਗਈ। ਪੁਲੀਸ ਨੇ ਆਪਣੀ ਗੱਡੀ ਰੋਕ ਕੇ ਉਸ ਨੂੰ ਘੇਰ ਲਿਆ। ਇਸ ਮੌਕੇ ਸੀਨੀਅਰ ਕਾਂਸਟੇਬਲ ਵੀਰਪਾਲ ਕੌਰ ਨੇ ਜਦੋਂ ਰਜਨੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਲਿਫ਼ਾਫ਼ੇ ’ਚ ਪਾਈ ਹੈਰੋਇਨ ਬਰਾਮਦ ਹੋਈ। ਮੁਲਜ਼ਮ ਵਿਰੁੱਧ ਥਾਣਾ ਜੈਤੋ ਵਿੱਚ ਧਾਰਾ 21(ਬੀ)/61/85 ਐਨਡੀਪੀਐੱਸ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ।