ਨਸ਼ੇ ਲਈ ਬੱਚਾ ਵੇਚਣ ਦਾ ਮਾਮਲਾ: ਮਾਪਿਆਂ ਤੇ ਗੋਦ ਲੈਣ ਵਾਲੇ ਨੂੰ ਜੇਲ੍ਹ ਭੇਜਿਆ
ਚਿੱਟੇ ਖਾਤਰ ਬੱਚਾ ਵੇਚਣ ਵਾਲੇ ਮਾਂ-ਬਾਪ ਸੰਦੀਪ ਸਿੰਘ ਅਤੇ ਗੁਰਮਨ ਕੌਰ ਵਾਸੀ ਅਹਿਮਦਪੁਰ ਖੁਡਾਲ ਤੇ ਗੋਦ ਲੈਣ ਵਾਲੇ ਸੰਜੂ ਵਾਸੀ ਬੁਢਲਾਡਾ ਨੂੰ ਪੁਲੀਸ ਨੇ ਰਿਮਾਂਡ ਉਪਰੰਤ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ, ਜਦੋਂ ਕਿ ਬੱਚੇ ਨੂੰ ਪਹਿਲਾਂ ਹੀ...
ਚਿੱਟੇ ਖਾਤਰ ਬੱਚਾ ਵੇਚਣ ਵਾਲੇ ਮਾਂ-ਬਾਪ ਸੰਦੀਪ ਸਿੰਘ ਅਤੇ ਗੁਰਮਨ ਕੌਰ ਵਾਸੀ ਅਹਿਮਦਪੁਰ ਖੁਡਾਲ ਤੇ ਗੋਦ ਲੈਣ ਵਾਲੇ ਸੰਜੂ ਵਾਸੀ ਬੁਢਲਾਡਾ ਨੂੰ ਪੁਲੀਸ ਨੇ ਰਿਮਾਂਡ ਉਪਰੰਤ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ, ਜਦੋਂ ਕਿ ਬੱਚੇ ਨੂੰ ਪਹਿਲਾਂ ਹੀ ਪੁਲੀਸ ਗੋਦ ਲੈਣ ਵਾਲਿਆਂ ਤੋਂ ਵਾਪਸ ਲੈ ਕੇ ਆਨੰਤ ਆਸ਼ਰਮ ਨਥਾਣਾ ਭੇਜ ਚੁੱਕੀ ਹੈ। ਇਸ ਮਾਮਲੇ 'ਚ ਬੱਚੇ ਨੂੰ ਗੋਦ ਲੈਣ ਵਾਲੇ ਦੀ ਪਤਨੀ ਹਾਲੇ ਫਰਾਰ ਹੈ। ਰਿਮਾਂਡ ਦੌਰਾਨ ਪੁੱਛਗਿੱਛ ਵਿਚ ਪੁਲੀਸ ਨੂੰ ਕਿਸੇ ਤਾਂਤਰਿਕ ਜਾਂ ਨਸ਼ੇ ਸ਼ਬੰਧੀ ਕੋਈ ਤੱਥ ਨਹੀਂ ਮਿਲੇ ਹਨ, ਜਦੋਂ ਕਿ ਪੁਲੀਸ ਨੂੰ ਇਸ ਮਾਮਲੇ 'ਚ ਕਿਸੇ ਤਾਂਤਰਿਕ ਵਲੋਂ ਪਰਿਵਾਰ ਨੂੰ ਇਹ ਕਹਿਣ ਦੀ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਇਹ ਬੱਚਾ ਵੇਚਣ ਦੇਵੇ, ਇਹ ਬਹੁਤੀ ਦੇਰ ਜਿਉਂਦਾ ਨਹੀਂ ਰਹੇਗਾ, ਜਿਸ ਕਰਕੇ ਇਸ ਨਸ਼ੇੜੀ ਮਾਂ ਬਾਪ ਨੇ 1 ਲੱਖ 80 ਹਜ਼ਾਰ ਰੁਪਏ 'ਚ ਆਪਣਾ ਬੱਚਾ ਵੇਚ ਦਿਤਾ। ਪੁਲੀਸ ਦੀ ਹੁਣ ਤੱਕ ਦੀ ਜਾਂਚ 'ਚ ਅਜਿਹਾ ਕੁਝ ਵੀ ਸਾਹਮਣੇ ਨਹੀ ਆਇਆ ਹੈ, ਜਦੋਂ ਕਿ ਬੱਚੇ ਦੇ ਮਾਂ ਬਾਪ ਖੁਦ ਨਸ਼ੇ ਖਾਤਰ ਆਪਣਾ ਬੱਚਾ ਵੇਚਣ ਦੀ ਗੱਲ ਕਹਿ ਚੁੱਕੇ ਹਨ।
ਇਸ ਦੇ ਤਫਤੀਸ਼ੀ ਅਫਸਰ ਦਲੇਲ ਸਿੰਘ ਨੇ ਕਿਹਾ ਕਿ ਤਾਂਤਰਿਕ ਜਾਂ ਨਸ਼ੇ ਆਦਿ ਦੀ ਕੋਈ ਗੱਲ ਸਾਹਮਣੇ ਨਹੀ ਆਈ ਹੈ। ਉਨਾਂ ਕਿਹਾ ਕਿ ਰਿਮਾਂਡ ਪੂਰਾ ਹੋਣ ਉਪਰੰਤ ਤਿੰਨ ਮੁਲਜ਼ਮਾਂ ਸੰਦੀਪ ਸਿੰਘ, ਗੁਰਮਨ ਕੌਰ ਤੇ ਸੰਜੂ ਕੁਮਾਰ ਨੂੰ ਜੇਲ੍ਹ ਭੇਜ ਦਿੱਤਾ ਹੈ।
ਦੂਜੇ ਪਾਸੇ ਬਾਲ ਸੁਰੱਖਿਆ ਅਧਿਕਾਰੀ ਹਰਜਿੰਦਰ ਕੌਰ ਨੇ ਦੱਸਿਆ ਕਿ ਬੱਚਾ ਬਾਲ ਕਲਿਆਣ ਕਮੇਟੀ ਹਵਾਲੇ ਕਰਕੇ ਆਨੰਤ ਆਸ਼ਰਮ ਨਥਾਣਾ ਭੇਜ ਦਿੱਤਾ ਗਿਆ ਹੈ, ਉਥੇ ਕੇਅਰਟੇਕਰ ਉਸ ਦੀ ਸਾਂਭ ਸੰਭਾਲ ਕਰ ਰਹੀ ਹੈ। ਕਾਨੂੰਨੀ ਪ੍ਰਕਿਰਿਆ ਪੂਰੀ ਨਾ ਹੋਣ ਤੱਕ ਬੱਚਾ ਉਥੇ ਹੀ ਰਹੇਗਾ।

