ਮੁੱਖ ਮੰਤਰੀ ਦੀ ਫੇਰੀ: ਕੇਸ ਦਰਜ ਹੋਣ ’ਤੇ ਭੜਕੇ ਸੰਘਰਸ਼ੀ ਧਿਰਾਂ ਦੇ ਆਗੂ
ਮੁੱਖ ਮੰਤਰੀ ਭਗਵੰਤ ਮਾਨ ਦੀ ਦੋ ਸਾਲ ਪਹਿਲਾਂ ਮਾਨਸਾ ਫੇਰੀ ਦੌਰਾਨ ਵੱਖ-ਵੱਖ ਅਧਿਆਪਕ ਜਥੇਬੰਦੀਆਂ ’ਤੇ ਪੁਲੀਸ ਵੱਲੋਂ ਪਰਚਾ ਦਰਜ ਕਰਨ ਦੀ ਹੁਣ ਜਾਣਕਾਰੀ ਮਿਲਣ ’ਤੇ ਜਥੇਬੰਦਕ ਆਗੂ ਭੜਕ ਗਏ ਹਨ। ਹਾਲਾਂਕਿ ਇਹ ਪਰਚਾ ਉਦੋਂ ਦਰਜ ਕੀਤਾ ਗਿਆ ਸੀ ਪਰ ਇਸ ਦਾ ਖੁਲਾਸਾ ਹੁਣ ਹੋਇਆ ਹੈ।
ਆਗੂਆਂ ਖ਼ਿਲਾਫ਼ ਇਹ ਪਰਚਾ ਧਾਰਾ 289,149 ਤਹਿਤ ਥਾਣਾ ਸਿਟੀ-2 ਮਾਨਸਾ ਵਿੱਚ ਐੱਫਆਈਆਰ ਨੰ: 129 ਅਧੀਨ ਸਾਲ 2023 ਵਿੱਚ ਦਰਜ ਕੀਤਾ ਗਿਆ ਸੀ। ਉਸ ਵੇਲੇ ਜਥੇਬੰਦਕ ਧਿਰਾਂ ਦੇ ਆਗੂ ਮੁੱਖ ਮੰਤਰੀ ਨੂੰ ਮਿਲ ਕੇ ਆਪਣੀਆਂ ਹੱਕੀ ਮੰਗਾਂ ਦੱਸਣ ਲਈ ਬਜ਼ਿੱਦ ਸਨ ਪਰ ਪੁਲੀਸ ਵੱਲੋਂ ਭਰੋਸਾ ਦਿਵਾਉਣ ਦੇ ਬਾਵਜੂਦ ਜਦੋਂ ਮੁੱਖ ਮੰਤਰੀ ਨੂੰ ਨਾ ਮਿਲਿਆ ਗਿਆ ਤਾਂ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ 158 ਆਗੂਆਂ ’ਤੇ ਪਰਚੇ ਦਰਜ ਕੀਤੇ ਗਏ।
ਇਨ੍ਹਾਂ ਪਰਚਿਆਂ ਦੇ ਵਿਰੋਧ ਵਿੱਚ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ, ਠੇਕੇ ਮੁਲਾਜ਼ਮ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਖਿਆਲਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਇਥੇ ਮੀਟਿੰਗ ਹੋਈ, ਜਿਸ ਵਿੱਚ ਪੁਲੀਸ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਲੋਕ ਮੁੱਖ ਮੰਤਰੀ ਨੂੰ ਆਪਣਾ ਦੁੱਖੜਾ ਵੀ ਨਹੀਂ ਸੁਣਾ ਸਕਦੇ ਅਤੇ ਹੱਕ ਮੰਗਦੇ ਲੋਕਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ ਸਮੇਤ ਹੋਰ ਆਗੂਆਂ ਨੇ ਇੱਕ ਮੀਟਿੰਗ ਤੋਂ ਬਾਅਦ ਐੱਸਐੱਸਪੀ ਮਾਨਸਾ ਦੇ ਨਾਂ ਡੀਐੱਸਪੀ ਮਾਨਸਾ ਬੂਟਾ ਸਿੰਘ ਗਿੱਲ ਨੂੰ ਇਹ ਪਰਚੇ ਰੱਦ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ।