ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪਰਿਸ਼ਦ ਜ਼ੋਨ ਲੱਖੇਵਾਲੀ ਤੋਂ ਪ੍ਰੋਫੈਸਰ ਚਰਨਜੀਤ ਸਿੰਘ ਧਾਲੀਵਾਲ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਲੋਕ ‘ਆਪ’ ਦਾ ਸਾਥ ਦੇਣ ਤਾਂ ਜੋ ਪੰਜਾਬ ਦੇ ਪਿੰਡਾਂ ਦਾ ਹੋਰ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਹੋਰ ਆਗੂਆਂ ਵੱਲੋਂ ਇਸ ਜ਼ੋਨ ’ਚ ਪੈਂਦੇ ਪਿੰਡ ਬਾਮ, ਭਾਗਸਰ ਅਤੇ ਲੱਖੇਵਾਲੀ ਵਿਖੇ ਇਲਾਕੇ ਦੇ ਪਿੰਡਾਂ ਦੇ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ‘ਆਪ’ ਉਮੀਦਵਾਰ ਪ੍ਰੋਫੈਸਰ ਧਾਲੀਵਾਲ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਮੀਡੀਆ ਇੰਚਾਰਜ ਹਨ। ਇਸ ਜ਼ੋਨ ’ਚ ਲੱਖੇਵਾਲੀ, ਮੱਦਰਸਾ, ਮੰਡੀ ਲੱਖੇਵਾਲੀ, ਸੰਮੇਵਾਲੀ, ਨੰਦਗੜ੍ਹ, ਗੰਧੜ, ਚਿੱਬੜਾਂਵਾਲੀ, ਝੀਂਡਵਾਲਾ, ਕੈਨੇਡਾ ਬਸਤੀ, ਮਹਾਂਬੱਧਰ, ਚੱਕ ਸ਼ੇਰੇਵਾਲਾ, ਨਾਨਕਪੁਰਾ, ਭਾਗਸਰ ਖੂਨਣ ਕਲਾਂ, ਬਾਂਮ ਤੇ ਭੰਗਚੜੀ ਆਉਂਦੇ ਹਨ। ਇਸ ਜੋਨ ਤੋਂ ਚੋਣ ਲੜ ਰਹੇ ਪ੍ਰੋਫੈਸਰ ਧਾਲੀਵਾਲ ਇਸ ਜ਼ੋਨ ’ਚ ਆਉਂਦੇ ਪਿੰਡ ਖੂੰਨਣ ਕਲਾਂ ਨਾਲ ਸਬੰਧਤ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸ਼ਨਦੀਪ ਸਿੰਘ ਬਰਾੜ ਅਤੇ ਸਹਿਕਾਰੀ ਬੈਂਕਾਂ ਪੰਜਾਬ ਦੇ ਚੇਅਰਮੈਨ ਜਗਦੇਵ ਸਿੰਘ ਬਾਂਮ ਨੇ ਕਿਹਾ ਕਿ ਪ੍ਰੈਫਸਰ ਚਰਨਜੀਤ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਜ਼ਿਕਰਯੋਗ ਪ੍ਰੋਫੈਸਰ ਧਾਲੀਵਾਲ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਲੋੜਵੰਦ ਲੜਕੀਆਂ ਨੂੰ ਮੁਫ਼ਤ ਵਿੱਦਿਆ ਹਾਸਲ ਕਰਵਾਉਣ ’ਚ ਮੱਦਦ ਕਰ ਰਹੇ ਹਨ, ਉੱਥੇ ਹੀ ਹੋਰ ਵੀ ਸਮਾਜਸੇਵੀ ਕਾਰਜਾਂ ਨੂੰ ਤਰਜੀਹ ਦੇ ਰਹੇ ਹਨ।
ਲੋੜਵੰਦ ਪਰਿਵਾਰਾਂ ਦੇ ਕੱਟੇ ਰਾਸ਼ਨ ਕਾਰਡ ਜਲਦੀ ਬਣਾ ਕੇ ਦੇਵੇਗੀ ਸਰਕਾਰ: ਹਰਪਾਲ ਕੌਰ
ਤਪਾ ਮੰਡੀ (ਸੀ ਮਾਰਕੰਡਾ): ਬਲਾਕ ਸਮਿਤੀ ਸ਼ਹਿਣਾ ਦੀਆਂ ਚੋਣਾਂ ਵਿੱਚ ਹਲਕੇ ਦੀ ਹਰ ਪਾਰਟੀ ਦੇ ਵੱਡੇ-ਵੱਡੇ ਆਗੂ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਵਿੱਚ ਉਤਰ ਆਏ ਹਨ। ਅੱਜ ਪਿੰਡ ਢਿਲਵਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਢਿੱਲਵਾਂ ਜ਼ੋਨ ਤੋਂ ਚੋਣ ਲੜ ਰਹੇ ਤੇਜਿੰਦਰ ਸਿੰਘ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੀ ਸੁਖਵਿੰਦਰ ਕੌਰ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ,‘‘ਮੇਰੇ ਪੁੱਤਰ ਨੇ ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਲਈ ਪਿਛਲੇ ਸਮੇਂ ਦੌਰਾਨ ਜੋ ਵਿਕਾਸ ਦੇ ਕੰਮ ਸੂਬੇ ਲਈ ਕੀਤੇ ਹਨ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਕੇਂਦਰ ਸਰਕਾਰ ਨੇ ਜਿਨ੍ਹਾਂ ਲੋੜਵੰਦ ਪਰਿਵਾਰਾਂ ਦੇ ਕਾਰਡ ਕੱਟੇ ਸਨ ਉਹ ਅਗਲੇ ਮਹੀਨੇ ਤੋਂ ਪੰਜਾਬ ਸਰਕਾਰ ਮੁੜ ਬਣਾਵਾਉਣੇ ਸ਼ੁਰੂ ਕਰ ਦੇਵੇਗੀ।’’ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਮਾਤਾ ਹਰਪਾਲ ਕੌਰ ਦਾ ਹਲਕੇ ’ਚ ਪੁੱਜਣ ਤੇ ਸਵਾਗਤ ਕੀਤਾ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਭੰਗੂ, ਮਾਰਕੀਟ ਕਮੇਟੀ ਤਪਾ ਦੇ ਪ੍ਰਧਾਨ ਤਰਸੇਮ ਸਿੰਘ ਕਾਹਨੇਕੇ,ਮਾਰਕੀਟ ਕਮੇਟੀ ਭਦੋੜ ਦੇ ਚੇਅਰਮੈਨ ਅੰਮ੍ਰਿਤ ਸਿੰਘ, ਡਾ.ਬਾਲ ਚੰਦ ਬਾਂਸਲ, ਰਵੀ ਢਿੱਲਵਾਂ ਅਤੇ ਗੁਰਪ੍ਰੀਤ ਸਿੰਘ ਚੈਰੀ ਆਦਿ ਵਰਕਰ ਹਾਜ਼ਰ ਸਨ।

