ਮੁੱਖ ਮੰਤਰੀ ਦਾ ਹੈਲੀਕਾਪਟਰ ਇਕੱਲਾ ਕੁਝ ਨਹੀਂ ਕਰ ਸਕਦਾ: ਰਾਜਾ ਵੜਿੰਗ
ਫਾਜ਼ਿਲਕਾ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਅਤੇ ਅਬੋਹਰ ਤੇ ਬੱਲੂਆਣਾ ਹਲਕੇ ਦੇ ਪਿੰਡਾਂ ਵਿੱਚ ਮੀਂਹ ਕਾਰਨ ਹੋਏ ਨੁਕਸਾਨ ਦਾ ਜਾੲਜ਼ਾ ਲੈਣ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਖੁਈਆਂ ਸਰਵਰ, ਬਿੱਲਾ ਪੱਤੀ ਅਤੇ ਦਲਮੀਰ ਖੇੜਾ ਪਿੰਡਾਂ ਵਿੱਚ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਦਵਿੰਦਰ ਸਿੰਘ ਘੁਬਾਇਆ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ, ਹਰਪ੍ਰੀਤ ਸਿੰਘ, ਰਾਜਿੰਦਰ ਕੌਰ ਹਲਕਾ ਇੰਚਾਰਜ, ਅਬੋਹਰ ਇੰਚਾਰਜ ਸੁਭਾਸ਼ ਬਾਘਲਾ ਵੀ ਮੌਜੂਦ ਸਨ। ਰਾਜਾ ਵੜਿੰਗ ਨੇ ਕਿਹਾ ਕਿ ਹੜ੍ਹ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਆਏ ਹਨ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਹੜ੍ਹ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਅਤੇ ਉਹ ਬੇਘਰ ਹੋ ਗਏ ਪਰ ਪੰਜਾਬ ਸਰਕਾਰ ਡੂੰਘੀ ਨੀਂਦ ਤੋਂ ਨਹੀਂ ਜਾਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਇਕੱਲਾ ਕੁਝ ਨਹੀਂ ਕਰੇਗਾ, ਸਗੋਂ ਉਨ੍ਹਾਂ ਨੂੰ ਦਿਨ-ਰਾਤ ਹੜ੍ਹ ਪੀੜਤਾਂ ਨਾਲ ਖੜ੍ਹਾ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਣਾ ਚਾਹੀਦਾ ਹੈ ਅਤੇ ਇਸ ਆਫ਼ਤ ਵਾਲੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਲਈ ਵੱਡਾ ਪੈਕੇਜ ਮੰਗਣਾ ਚਾਹੀਦਾ ਹੈ।