ਸਿਰਸਾ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਦੁਪਹਿਰ ਬਾਅਦ ਸਿਰਸਾ ਪੁੱਜੇ ਜਿਥੇ ਉਨ੍ਹਾਂ ਨੇ ਪੀਡਬਲਿਊ ਰੈਸਟ ਹਾਊਸ ’ਚ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ। ਮੀਟਿੰਗ ਮਗਰੋਂ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਲਈਆਂ। ਇਸ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਅੰਬਾਰ ਲੱਗ ਗਿਆ।
ਮੁੱਖ ਮੰਤਰੀ ਨੇ ਸਿਰਸਾ ਦੇ ਆਪਣੇ ਦੌਰੇ ਦੌਰਾਨ ਸ੍ਰੀ ਗਊਸ਼ਾਲਾਵਾਂ ਪੁੱਜੇ ਜਿਥੇ ਉਨ੍ਹਾਂ ਨੇ ਗਊਸ਼ਾਲਾਂ ਦੀਆਂ ਗਊਆਂ ਦੇ ਚਾਰੇ ਲਈ ਜ਼ਿਲ੍ਹੇ ਦੀਆਂ 138 ਗਊਸ਼ਾਲਾਵਾਂ ਲਈ ਨੌਂ ਕਰੋੜ 83 ਲੱਖ 25 ਹਜ਼ਾਰ 450 ਰੁਪਏ ਦੇ ਸਬਸਿਡੀ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਗਊਸ਼ਾਲਾਂ ਦੇ ਵਿਕਾਸ ਅਤੇ ਕੁਦਰਤੀ ਖੇਤੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਕਈ ਮਹਤਵਪੂਰਨ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਬੇਸਹਾਰਾ ਗਊਆਂ ਤੋਂ ਮੁਕਤ ਕਰਵਾਉਣਾ ਸਰਕਾਰ ਦੀ ਪਹਿਲ ਹੈ। ਇਸ ਨੂੰ ਲੈ ਕੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਸੌ ਫੀਸਦੀ ਐਮਐਪੀ ’ਤੇ ਖਰੀਦਣ ਦਾ ਕੰਮ ਕਰ ਰਹੀ ਹੈ। ਆਪਣੇ ਵਾਅਦੇ ਮੁਤਾਬਕ ਜਿਹੜੇ ਪਰਿਵਾਰਾਂ ਦਾ ਆਮਦਨ ਇਕ ਲੱਖ 80 ਹਜ਼ਾਰ ਤੋਂ ਘਟ ਹੈ ਅਜਿਹੇ 19 ਲੱਖ ਪਰਿਵਾਰਾਂ ਨੂੰ ਗੈਸ ਦਾ ਸਿਲੰਡਰ ਪੰਜ ਸੌ ਰੁਪਏ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਲਕੇ ਡੱਬਵਾਲੀ ’ਚ ਮੈਰਾਥਨ ਦੌੜ ਦਾ ਉਦਘਾਟਨ ਕਰਨਗੇ। ਇਸ ਮੌਕੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ।
ਮੁੱਖ ਮੰਤਰੀ ਮੈਰਾਥਨ ਨੂੰ ਦਿਖਾਉਣੇ ਝੰਡੀ
ਡੱਬਵਾਲੀ (ਇਕਬਾਲ ਸਿੰਘ ਸਾਂਤ): ਇਥ ਭਲਕੇ ਨਵੀਂ ਅਨਾਜ ਮੰਡੀ ਵਿਖੇ ਸਵੇਰੇ ਛੇ ਵਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਯੂਥ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰਸ਼ਾਸਨ ਮੁਤਾਬਕ ਹੁਣ ਤੱਕ 65 ਹਜ਼ਾਰ 400 ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਵੱਖ-ਵੱਖ ਉਮਰ ਵਰਗਾਂ ਦੇ ਪੁਰਸ਼ ਤੇ ਮਹਿਲਾ ਭਾਗੇਦਾਰਾਂ ਨੂੰ ਕੁੱਲ 6.29 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਮੈਰਾਥਨ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਹੋਣਗੀਆਂ। ਮੈਰਾਥਨ ਦੌੜ ਦੇ ਤਿੰਨ ਪੜਾਅ 5 ਕਿਲੋਮੀਟਰ, 10 ਕਿਲੋਮੀਟਰ ਅਤੇ 21.1 ਕਿਲੋਮੀਟਰ ਦੌੜਾਂ ਦਾ ਸਮਾਪਤੀ ਵੀ ਅਨਾਜ ਮੰਡੀ ਨੇੜੇ ਹੀ ਹੋਵੇਗੀ।