ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖਾਦ ਤੇ ਦਵਾਈ ਵਾਲੀਆਂ ਦੁਕਾਨਾਂ ਦੀ ਚੈਕਿੰਗ
ਡੀਲਰਾਂ ਨੂੰ ਖਾਦ ਨਾਲ ਵਾਧੂ ਸਾਮਾਨ ਨਾ ਵੇਚਣ ਦੀ ਅਪੀਲ
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲਾਕ ਝੁਨੀਰ ਵਿੱਚ ਖਾਦ, ਬੀਜ, ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਖਾਦ, ਬੀਜ, ਕੀੜੇਮਾਰ ਦਵਾਈ ਵਿਕਰੇਤਾਵਾਂ ਨੂੰ ਸਟਾਕ ਰਜਿਸਟਰ ਮੇਨਟੇਨ ਕਰਨ ਅਤੇ ਸਟਾਕ ਬੋਰਡ ਉਪਰ ਖਾਦ, ਬੀਜ, ਕੀੜੇਮਾਰ ਦਵਾਈ ਦੀ ਉਪਲੱਬਧਤਾ ਦਰਸਾਉਣ ਦੀ ਹਦਾਇਤ ਕੀਤੀ। ਉਨ੍ਹਾਂ ਡੀਲਰਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਬੇਲੋੜੇ ਵਿੱਤੀ ਬੋਝ ਤੋਂ ਬਚਾਇਆ ਜਾ ਸਕੇ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਉਨ੍ਹਾਂ ਨੂੰ ਮਿਆਰੀ ਖਾਦ, ਬੀਜ, ਕੀੜੇਮਾਰ ਦਵਾਈਆਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਇਸ ਵਚਨਬੱਧਤਾ ਵਿੱਚ ਉਨ੍ਹਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਹ ਸਹਿਯੋਗ ਕਿਸਾਨ ਵੀਰ ਖਰੀਦ ਸਮੇਂ ਪੱਕਾ ਬਿੱਲ ਲੈ ਕੇ ਦੇ ਸਕਦੇ ਹਨ। ਉਨ੍ਹਾਂ ਡੀਲਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆ ਸਿਫਾਰਸ਼ਸ਼ੁਦਾ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਲਈ ਪ੍ਰੇਰਿਤ ਕਰਨ ਵਿੱਚ ਵਿਭਾਗ ਦੀ ਮਦਦ ਕਰਨ ਤਾਂ ਜੋ ਘੱਟ ਖਰਚੇ ਵਿੱਚ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕੇ।

