ਐੱਨਸੀਸੀ ਕੈਡਿਟਾਂ ਨੂੰ ਸਿਖਲਾਈ ਮੁਕੰਮਲ ਹੋਣ ’ਤੇ ਸਰਟੀਫਿਕੇਟ ਵੰਡੇ
ਪੱਤਰ ਪ੍ਰੇਰਕ
ਧਰਮਕੋਟ, 11 ਜੁਲਾਈ
ਕੋਟ ਈਸੇ ਖਾਂ ਸਥਿਤ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨਸੀਸੀ ਕੈਂਪ ਦੌਰਾਨ ਦੋ ਸਾਲਾ ਟ੍ਰੇਨਿੰਗ ਪੂਰੀ ਹੋਣ ਉੱਤੇ ਅੱਜ ਲੜਕੇ ਅਤੇ ਲੜਕੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਲੰਘੇ ਦੋ ਸਾਲਾਂ ਤੋਂ ਸਕੂਲ ਦੇ ਵਿਦਿਆਰਥੀਆਂ ਦਾ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਸੀ ਜਿਸ ਦੇ ਪੂਰੇ ਹੋਣ ਉੱਤੇ ਪਾਸ ਹੋਏ ਐੱਨਸੀਸੀ ਕੈਡਿਟਾਂ ਨੂੰ ਅੱਜ ਏ-ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐੱਨਸੀਸੀ ਲਈ ਚੁਣੇ ਗਏ ਕੈਡਿਟਾਂ ਨੂੰ ਇਨ੍ਹਾਂ ਦੋ ਸਾਲਾਂ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਸੰਸਥਾ ਦੇ ਐੱਮਡੀ ਰਣਜੀਤ ਕੌਰ ਸੰਧੂ ਨੇ ਇਸ ਮੌਕੇ ਟ੍ਰੇਨਿੰਗ ਪੂਰੀ ਕਰਨ ਵਾਲੇ ਸਕੂਲ ਦੇ ਸਾਰੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਵਿਦਿਆ ਹਾਸਲ ਕਰਨ ਦੇ ਨਾਲ ਨਾਲ ਇਨ੍ਹਾਂ ਦੀ ਇਹ ਸਮਾਜਿਕ ਪ੍ਰਾਪਤੀ ਸ਼ਲਾਘਾਯੋਗ ਹੈ। ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸਮੇਤ ਬਾਕੀ ਸਟਾਫ ਵੀ ਹਾਜ਼ਰ ਸੀ।