ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਲਈ ਭੇਜੀ ਗਈ ਟੀਮ ਵੱਲੋਂ ਅੱਜ ਫਾਜ਼ਿਲਕਾ ਤੋਂ ਆਪਣਾ ਦੌਰਾ ਸ਼ੁਰੂ ਕੀਤਾ ਗਿਆ। ਇਸ ਟੀਮ ਵੱਲੋਂ ਫਾਜ਼ਿਲਕਾ ਦੇ ਸਤਲੁਜ ਕ੍ਰੀਕ ਦੇ ਪਾਰ ਦੇ ਪਿੰਡਾਂ ਦਾ ਕਿਸ਼ਤੀ ਰਾਹੀਂ ਦੌਰਾ ਕਰਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਹਾਸਿਲ ਕੀਤੀ ਗਈ। ਇਸ ਮੌਕੇ ਟੀਮ ਨੇ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਨੂਰ ਸ਼ਾਹ ਵਿਖੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵੀ ਕੇਂਦਰੀ ਟੀਮ ਨੂੰ ਸਥਾਨਕ ਹਾਲਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਭਰਦਾ ਹੈ ਅਤੇ ਇਸ ਮੁਸ਼ਕਿਲ ਅਤੇ ਔਖੇ ਸਮੇਂ ਵਿੱਚ ਪੰਜਾਬ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਕੇਂਦਰੀ ਟੀਮ ਵੱਲੋਂ ਕਿਸ਼ਤੀ ਰਾਹੀਂ ਨੂਰ ਸ਼ਾਹ, ਘੁਰਕਾ, ਕਾਵਾਂਵਾਲੀ ਪੱਤਣ ਆਦਿ ਸਥਾਨਾਂ ਦਾ ਦੌਰਾ ਕਰਕੇ ਫਸਲਾਂ, ਘਰਾਂ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਸਮੀਖਿਆ ਕੀਤੀ ਗਈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕੇਂਦਰੀ ਟੀਮ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ, ਨਿਗਰਾਨ ਇੰਜੀਨੀਅਰ ਗਗਨਦੀਪ ਸਿੰਘ ਗਿੱਲ, ਰੰਜਨ ਡੀਂਗਰਾ ਓਐਸਡੀ ਪਾਵਰ ਨਰਿੰਦਰ ਮਹਿਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ, ਵੀਰਪਾਲ ਕੌਰ, ਕਵਰਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਤਹਿਸੀਲਦਾਰ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।