ਕੇਂਦਰੀ ਟੀਮ ਵੱਲੋਂ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਨਿਰਦੇਸ਼
ਕਮਲਜੀਤ ਕੌਰ
ਫਰੀਦਕੋਟ, 23 ਜੂਨ
ਇਸ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਮਿਸ਼ਨ ਸਕੀਮਾਂ ਲਾਗੂ ਕਰਨ ਸਬੰਧੀ ਜਾਣਕਾਰੀ ਲੈਣ ਲਈ ਕੇਂਦਰੀ ਟੀਮ ਦੇ ਮੈਂਬਰ ਰੋਹਨ ਚੰਦ ਠਾਕੁਰ ਅਤੇ ਵਿਜੇ ਸਿੰਘ ਮੀਨਾ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਸਾਫ ਪੀਣਯੋਗ ਪਾਣੀ, ਜਲ ਸੰਗ੍ਰਹਿ (ਬਰਸਾਤੀ ਪਾਣੀ ਦਾ ਜ਼ਮੀਨ ਵਿੱਚ ਰਿਚਾਰਜ), ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਆਦਿ ਸਬੰਧੀ ਅਧਿਕਾਰੀਆਂ ਤੋਂ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਫ ਪੀਣਯੋਗ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਵਰਤਣ ਸਬੰਧੀ ਵੀ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਜੀਵਨ ਤਹਿਤ ਲੋਕਾਂ ਨੂੰ ਨਿਰੰਤਰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੇ ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਅਭਿਆਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਸੁਚੱਚੀ ਸੰਭਾਲ ਅਤੇ ਇਸ ਨੂੰ ਜ਼ਮੀਨ ਵਿੱਚ ਰਿਚਾਰਜ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਉਪਰੰਤ ਟੀਮ ਵੱਲੋਂ 4.30 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਵਾਟਰ ਵਰਕਸ ਦਾ ਦੌਰਾ ਕੀਤਾ ਗਿਆ। ਇਸ ਉਪਰੰਤ ਟੀਮ ਮੈਂਬਰਾਂ ਨੇ ਵਾਟਰ ਵਰਕਸ ਵਿਖੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਰਿਕਾਰਡ ਚੈਕ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ. ਮੇਜਰ ਡਾ. ਵਰੁਣ ਕੁਮਾਰ, ਐਸ.ਡੀ.ਐਮ. ਜੈਤੋ ਸੂਰਜ ਕੁਮਾਰ, ਕਾਰਜਕਾਰੀ ਇੰਜੀਨੀਅਰ ਜਲ ਸਿਹਤ ਵਿਭਾਗ ਸ਼ਮਿੰਦਰ ਸਿੰਘ, ਐਸ.ਡੀ.ਓ ਸੁਭਾਸ਼ ਚੰਦਰ, ਬੀ.ਡੀ.ਪੀ.ਓ ਨੱਥਾ ਸਿੰਘ ਆਦਿ ਵੀ ਹਾਜ਼ਰ ਸਨ।
ਵਾਟਰਵਰਕਸ ਦਾ ਰਿਕਾਰਡ ਚੈੱਕ ਕਰਦੇ ਹੋਏ ਕੇਂਦਰੀ ਟੀਮ ਦੇ ਮੈਂਬਰ।