ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਜਿਸ਼ ਤਹਿਤ ਮਨਰੇਗਾ ਕੰਮ ਬੰਦ ਕੀਤੇ: ਸਮਾਓਂ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਅਤੇ ਭੀਮ ਆਰਮੀ ਪੰਜਾਬ ਵੱਲੋਂ ਇੱਥੇ ਮਨਰੇਗਾ ਮਜ਼ਦੂਰਾਂ ਦੇ ਕੰਮ ਬੰਦ ਕਰਨ ਖ਼ਿਲਾਫ਼ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੇ ਬੰਦ ਕੀਤੇ ਕੰਮ ਤੁਰੰਤ ਬਹਾਲ ਕੀਤੇ ਜਾਣ, ਹੜ੍ਹਾਂ ਅਤੇ ਮੀਂਹਾਂ ਕਾਰਨ ਮਜ਼ਦੂਰਾਂ ਦੇ ਨੁਕਸਾਨੇ ਘਰਾਂ ਅਤੇ ਕਿਸਾਨਾਂ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਤੇ ਮੀਂਹਾਂ ਕਾਰਨ ਮਰਨ ਵਾਲੇ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸੇ ਦੌਰਾਨ ਮਨਰੇਗਾ ਮਜ਼ਦੂਰਾਂ ਮੰਗਾਂ ਨੂੰ ਹੱਲ ਕਰਵਾਉਣ ਲਈ ਦਿਨ-ਰਾਤ ਦਾ ਪੱਕਾ ਮੋਰਚਾ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ ਅੱਜ ਤੋਂ ਆਰੰਭ ਕਰ ਦਿੱਤਾ ਗਿਆ। ਰੈਲੀ ਦੌਰਾਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਮਜ਼ਦੂਰ ਸੰਘਰਸ਼ ਦੀ ਹਮਾਇਤ ਕੀਤੀ। ਰੈਲੀ ਦੌਰਾਨ ਮਾਨਸਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ ਅਤੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਮੰਗ ਪੱਤਰ ਹਾਸਲ ਕੀਤਾ। ਇਸ ਮੌਕੇ ਮਨਜੀਤ ਕੌਰ ਜੋਗਾ, ਮਿੱਡ-ਡੇਅ ਮੀਲ ਵਰਕਰ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ, ਰੇਸ਼ਮ ਸਿੰਘ ਸਰਪੰਚ ਨੰਗਲ ਕਲਾਂ, ਨਿਰਮਲ ਸਿੰਘ ਸਰਪੰਚ ਖਿੱਲਣ, ਸ਼ਿੰਦਰ ਸਿੰਘ ਸਰਪੰਚ ਖੋਖਰ ਕਲਾਂ, ਜਸਵੀਰ ਸਿੰਘ ਸਰਪੰਚ ਡੇਲੂਆਣਾ, ਅਮਰਜੀਤ ਸਿੰਘ ਸਰਪੰਚ ਨਵਾਂ ਗਾਓਂ, ਗਾਮੀਵਾਲਾ, ਸੁਖਦੇਵ ਸਿੰਘ ਕੋਟਲੀ,ਮਲਕੀਤ ਸਿੰਘ ਜੌੜਕੀਆਂ, ਸੱਤਪਾਲ ਸਿੰਘ ਬਹਿਣੀਵਾਲ, ਗੁਲਾਬ ਸਿੰਘ ਖੀਵਾ ਤੇ ਭੋਲਾ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਅਤੇ ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗੁਰੂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਮੰਚ ਤੋਂ ਐਲਾਨ ਕੀਤਾ ਗਿਆ ਕਿ ਮਨਰੇਗਾ ਕੰਮਾਂ ਦੀ ਬਹਾਲੀ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਲੋੜਵੰਦ ਮਜ਼ਦੂਰਾਂ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਮਾਓਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਜਿੱਥੇ ਪੰਜਾਬ ਨੂੰ ਹੜ੍ਹਾਂ ਵਿੱਚ ਡੋਬਿਆ, ਉੱਥੇ ਮਨਰੇਗਾ ਕੰਮ ਬੰਦ ਕਰ ਕੇ ਲੋੜਵੰਦਾਂ ਨੂੰ ਬੇਰੁਜ਼ਗਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਲੋੜਵੰਦ ਮਜ਼ਦੂਰਾਂ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ।