ਤਰਨ ਤਾਰਨ ਜ਼ਿਮਨੀ ਚੋਣ ਵਿੱਚ ਹਰਮੀਤ ਸਿੰਘ ਸੰਧੂ ਦੀ ਜਿੱਤ ਮਗਰੋਂ ਆਮ ਆਦਮੀ ਪਾਰਟੀ ’ਚ ਜਸ਼ਨ ਦਾ ਮਾਹੌਲ ਹੈ। ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਇਕੱਠੇ ਹੋਏ ਵਰਕਰਾਂ ਨੇ ਮਠਿਆਈ ਵੰਡੀ, ਢੋਲ ਵਜਾਏ, ਭੰਗੜੇ ਪਾਏ ਅਤੇ ਇੱਕ-ਦੂਜੇ ’ਤੇ ਗੁਲਾਲ ਛਿੜਕ ਕੇ ਜਸ਼ਨ ਮਨਾਇਆ।
ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਇਤਿਹਾਸ ਵਿੱਚ ਇਸ ਜਿੱਤ ਦਾ ਅਹਿਮ ਸਥਾਨ ਹੋਵੇਗਾ। ਉਨ੍ਹਾਂ ਇਸ ਜਿੱਤ ਨੂੰ ‘ਆਪ’ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਪੱਖ ’ਚ ਲੋਕ ਫ਼ਤਵਾ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਨੇ ਆਪਣੇ 90 ਫੀਸਦੀ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ ਅਤੇ ਬੀਬੀਆਂ ਨੂੰ ਇੱਕ ਹਜ਼ਾਰ ਰੁਪਏ ਮਾਸਿਕ ਵਿੱਤੀ ਮਦਦ ਦੇਣ ਸਮੇਤ ਚੰਦ ਕੁ ਰਹਿੰਦੀਆਂ ਗਾਰੰਟੀਆਂ ਨੂੰ ਵੀ ਪੰਜਾਬ ਸਰਕਾਰ ਜਲਦੀ ਪੂਰਾ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਾਰੇ ਵਾਅਦੇ ਵਫ਼ਾ ਕਰਨ ਬਾਅਦ ਹੀ ਪਾਰਟੀ 2027 ਦੀਆਂ ਵਿਧਾਨ ਸਭਾ ਵਿੱਚ ਮੁੜ ਤੋਂ ਫ਼ਤਵਾ ਹਾਸਲ ਕਰਨ ਲਈ ਲੋਕ ਕਚਹਿਰੀ ਵਿੱਚ ਜਾਵੇਗੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲੀ ਵੋਟ ਪ੍ਰਤੀਸ਼ਤਤਾ ਸਬੰਧੀ ਕਾਂਗਰਸ ਤੇ ਭਾਜਪਾ ਦੀ ਕਮਜ਼ੋਰੀ ਦੱਸਦਿਆਂ ਆਖਿਆ ਕਿ ਦੋਵਾਂ ਪਾਰਟੀਆਂ ਤੋਂ ਰੁੱਸੀ ਵੋਟ ਅਕਾਲੀ ਦਲ ਦੇ ਹੱਕ ’ਚ ਭੁਗਤੀ ਹੈ।
ਇਸ ਮੌਕੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਜੈਤੋ ਦੇ ਚੇਅਰਮੈਨ ਗੁਰਬਿੰਦਰ ਸਿੰਘ ਵਾਲੀਆ, ‘ਆਪ’ ਯੂਥ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਖਰੀਤ ਰੋਮਾਣਾ, ਸੀਨੀਅਰ ‘ਆਪ’ ਆਗੂ ਗੁਰਭੇਜ ਸਿੰਘ ਬਰਾੜ, ‘ਆਪ’ ਹਲਕਾ ਜੈਤੋ ਦੇ ਕੋਆਰਡੀਨੇਟਰ ਰੁਪਿੰਦਰ ਸਿੰਘ ਰਿੰਪੀ, ਸੀਨੀਅਰ ਆਗੂ ਅੰਕੁਸ਼ ਬਾਂਸਲ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਕੌਂਸਲਰ ਨਰਿੰਦਰ ਸਿੰਘ ਰਾਮੇਆਣਾ, ਪ੍ਰੇਮ ਕੁਮਾਰ ਕੋਟਕਪੂਰਾ, ਅਮਨ ਧਾਲੀਵਾਲ, ਡਾ. ਹਰਪਾਲ ਸਿੰਘ ਰਾਮੂੰਵਾਲਾ ਸਮੇਤ ਵੱਡੀ ਗਿਣਤੀ ’ਚ ਆਗੂ ਹਾਜ਼ਰ ਸਨ।
ਬਠਿੰਡਾ ’ਚ ‘ਆਪ’ ਆਗੂ ਨੇ ਖੁਸ਼ੀ ਮਨਾਈ
ਬਠਿੰਡਾ: ਤਰਨ ਤਾਰਨ ਦੀ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ’ਤੇ ਬਠਿੰਡਾ ਦੇ ਆਗੂ ਤੇ ਵਰਕਰ ਬਾਗੋਬਾਗ ਨਜ਼ਰ ਆਏ। ਸਭਨਾਂ ਨੇ ਇਕੱਠੇ ਹੋ ਕੇ ਖ਼ੁਸ਼ਨੁਮਾ ਮਾਹੌਲ ਸਿਰਜਦਿਆਂ ਮਠਿਆਈ ਵੰਡੀ ਅਤੇ ਇਸ ਸਫ਼ਲਤਾ ਦਾ ਸਿਹਰਾ ਆਪਣੀ ਪਾਰਟੀ ਅਤੇ ਸਰਕਾਰ ਦੇ ਸਿਰ ਸਜਾਉਂਦਿਆਂ, ਇਸ ਮੁਕਾਮ ਦੀ ਪ੍ਰਾਪਤੀ ਲਈ ਕਈ ਦਿਨਾਂ ਤੋਂ ਜੂਝ ਰਹੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਮੁਬਾਰਕਬਾਦ ਪੇਸ਼ ਕੀਤੀ। ਅੱਜ ਵਿਆਹ ਵਰਗੇ ਸਿਰਜੇ ਹੋਏ ਮਾਹੌਲ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਗੁਰਪ੍ਰੀਤ ਕੌਰ, ਬਲਜਿੰਦਰ ਕੌਰ, ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਸੀਨੀਅਰ ਆਗੂ ਬਲਵਿੰਦਰ ਬੱਲ੍ਹੋ, ਮਨਜੀਤ ਸਿੰਘ, ਹਰਦੀਪ ਸਿੰਘ, ਗੁਰਲਾਲ ਸਿੰਘ, ਬਲਜੀਤ ਬੱਲੀ, ਬੂਟਾ ਸਿੰਘ, ਰਿਪਨਦੀਪ ਸਿੰਘ, ਰਮਨਦੀਪ ਸਿੰਘ, ਸੁਰਿੰਦਰ ਸਿੰਘ ਆਦਿ ਮੌਜੂਦ ਸਨ।

