ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਮਾਨਸਾ, 6 ਜੁਲਾਈ
ਵਿਦੇਸ਼ ਭੇਜਣ ਦੇ ਨਾਂ ’ਤੇ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਪੁਲੀਸ ਨੇ ਇੱਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਸੂਰਵਾਰ ਦੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪੁਲੀਸ ਵੇਰਵਿਆਂ ਅਨੁਸਾਰ ਮੁਦੱਈ ਗਮਦੂਰ ਸਿੰਘ ਵਾਸੀ ਟਿੱਬੀ ਹਰੀ ਸਿੰਘ ਵੱਲੋਂ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੂੰ ਦਿੱਤੀ ਇੱਕ ਅਰਜ਼ੀ ਅਨੁਸਾਰ ਇੱਕ ਵਿਅਕਤੀ ਸਤਨਾਮ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦੇ ਲੜਕੇ ਅਜੀਤਪਾਲ ਸਿੰਘ ਨੂੰ ਕੈਨੇਡਾ ਸਟੱਡੀ ਵੀਜ਼ੇ ’ਤੇ ਭੇਜ ਦੇਵੇਗਾ ਅਤੇ ਇਸ ਲਈ ਖਰਚਾ 26 ਲੱਖ ਰੁਪਏ ਆਵੇਗਾ। ਪੁਲੀਸ ਨੂੰ ਮੁਦੱਈ ਗਮਦੂਰ ਸਿੰਘ ਨੇ ਦੱਸਿਆ ਕਿ 9 ਫ਼ਰਵਰੀ, 2024 ਨੂੰ ਉਸ ਨੇ ਆਪਣੇ ਖਾਤੇ ਵਿੱਚੋਂ 2 ਲੱਖ 10 ਹਜ਼ਾਰ ਰੁਪਏ ਅਤੇ 5 ਲੱਖ 90 ਹਜ਼ਾਰ ਰੁਪਏ ਆਪਣੇ ਲੜਕੇ ਅਜੀਤਪਾਲ ਸਿੰਘ ਦੇ ਬੈਂਕ ਖਾਤੇ ਵਿੱਚੋਂ ਸਤਨਾਮ ਸਿੰਘ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ, ਪਰ ਸਤਨਾਮ ਸਿੰਘ ਨੇ ਨਾ ਹੀ ਮੇਰੇ ਲੜਕੇ ਅਜੀਤਪਾਲ ਸਿੰਘ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਮੁਦੱਈ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਵੱਲੋਂ ਇੱਕ ਚੈੱਕ ਦਿੱਤਾ, ਜੋ ਕਿ ਦਸਤਖਤਾਂ ਦੇ ਫ਼ਰਕ ਹੋਣ ਕਾਰਨ ਬੈਂਕ ਵੱਲੋਂ ਬਾਊਂਸ ਹੋ ਗਿਆ। ਮੁਦੱਈ ਵੱਲੋਂ ਐੱਸਐੱਸਪੀ ਮਾਨਸਾ ਨੂੰ ਇਹ ਦਰਖਾਸਤ ਦਿੱਤੀ ਗਈ ਸੀ, ਜਿਸ ਦੀ ਪੜਤਾਲ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਵੱਲੋਂ ਡੀਐੱਸਪੀ ਸਬ-ਡਿਵੀ਼ਿਨ ਸਰਦੂਲਗੜ੍ਹ ਮਨਜੀਤ ਸਿੰਘ ਪਾਸੋਂ ਕਰਵਾਈ ਗਈ। ਪੜਤਾਲ ਤੋਂ ਬਾਅਦ ਸਤਨਾਮ ਸਿੰਘ ਵਾਸੀ ਵਾਰਡ ਨੰਬਰ-7 ਨੇੜੇ ਰੇਲਵੇ ਸਟੇਸ਼ਨ ਬੁਢਲਾਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।