ਕਿਸਾਨ ਆਗੂ ਸੁੱਖ ਗਿੱਲ ਖਿਲਾਫ ਹੇਰਾਫੇਰੀ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ
ਇੱਥੋਂ ਦੀ ਪੁਲਿਸ ਨੇ ਫ਼ਤਹਿ ਇੰਮੀਗ੍ਰੇਸ਼ਨ ਦੇ ਮਾਲਕ ਅਤੇ ਕਿਸਾਨ ਆਗੂ ਸੁੱਖ ਗਿੱਲ ਵਿਰੁੱਧ ਹੇਰਾਫੇਰੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮੁਕੱਦਮਾ ਨਜ਼ਦੀਕੀ ਪਿੰਡ ਬਾਜੇਕੇ ਦੇ ਵਾਸੀ ਬਲਵਿੰਦਰ ਸਿੰਘ ਸੰਧੂ ਦੀ ਸ਼ਿਕਾਇਤ ਉੱਤੇ ਦਰਜ ਹੋਇਆ ਹੈ।
ਬਲਵਿੰਦਰ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਦੋਸ਼ ਲਾਇਆ ਸੀ ਕਿ ਕਿਸਾਨ ਆਗੂ ਸੁਖਵਿੰਦਰ ਸਿੰਘ ਉਰਫ਼ ਸੁੱਖ ਗਿੱਲ ਨੇ ਆਪਣੇ ਧਰਮਕੋਟ ਵਿਚ ਚਲਾਏਂ ਜਾਂਦੇ ਫ਼ਤਹਿ ਇੰਮੀਗ੍ਰੇਸ਼ਨ ਰਾਹੀਂ ਉਸਦੇ ਲੜਕੇ ਅਤੇ ਲੜਕੀ ਨੂੰ ਵਿਦੇਸ਼ ਕਨੇਡਾ ਵਿੱਚ ਵਰਕ ਪਰਮਿਟ ਉੱਤੇ ਭੇਜਣ ਲਈ 18 ਲੱਖ ਰੁਪਏ ਦੀ ਰਾਸ਼ੀ ਲੈ ਲਈ ਸੀ।ਕਈ ਮਹੀਨਿਆਂ ਬਾਅਦ ਸਿਰਫ ਉਸਦੀ ਲੜਕੀ ਨੂੰ ਸੈਰ ਵੀਜੇ ਉੱਤੇ ਕਨੇਡਾ ਭੇਜਿਆ ਗਿਆ ਸੀ। ਜਦੋਂ ਇਸ ਸਬੰਧੀ ਉਸ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਹਰੇਕ ਵਾਰ ਵਰਕ ਪਰਮਿਟ ਦਿਵਾਉਣ ਦਾ ਲਾਰਾ ਲਗਾ ਦਿੰਦਾ। ਬਾਅਦ ਵਿੱਚ ਉਹ ਪੈਸੇ ਵਾਪਸ ਮੋੜਨ ਤੋਂ ਇਨਕਾਰੀ ਹੋ ਗਿਆ।
ਇਸ ਸ਼ਿਕਾਇਤ ਦੀ ਜਾਂਚ ਐੁੱਸਪੀ ਹੈਡਕੁਆਰਟਰ ਮੋਗਾ ਸੰਦੀਪ ਸਿੰਘ ਮੰਡ ਵਲੋਂ ਕਰਨ ਤੋਂ ਬਾਅਦ ਸਾਰੇ ਦੋਸ਼ ਸਹੀ ਪਾਉਣ ਤੋਂ ਬਾਅਦ ਸੁੱਖ ਗਿੱਲ ਵਿਰੁੱਧ ਅੱਜ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।