ਆਰ ਟੀ ਆਈ ਐਕਟੀਵਿਸਟ ਸਣੇ ਦੋ ਖ਼ਿਲਾਫ਼ ਕੇਸ
ਵਪਾਰੀ ਤੇ ਆਰ ਟੀ ਆਈ ਕਾਰਕੁਨ ਆਹਮੋ ਸਾਹਮਣੇ; ਕਾਰੋਬਾਰੀਆਂ ਵੱਲੋਂ ਇਨਸਾਫ ਲਈ ਫੋਰਮ ਕਾਇਮ
ਇਥੇ ਥਾਣਾ ਸਿਟੀ ਪੁਲੀਸ ਨੇ ਸੀ ਆਰ ਓ ਸੂਬਾ ਪ੍ਰਧਾਨ ਆਰ ਟੀ ਆਈ ਐਕਟੀਵਿਸਟ ਪੰਕਜ ਸੂਦ ਤੇ ਸੰਸਥਾ ਮੈਂਬਰ ਅਮਰ ਅਨੇਜਾ ਖ਼ਿਲਾਫ਼ ਵਪਾਰੀ ਨੂੰ ਕਥਿਤ ਬਲੈਕਮੇਲ ਕਰਕੇ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਥੇ ਕਾਰੋਬਾਰੀਆਂ ਨੇ ਕਥਿਤ ਬਲੈਕਮੇਲਿੰਗ ਵਰਤਾਰਾ ਰੋਕਣ ਲਈ ਰੈਪਿਡ ਜਸਟਿਸ ਫੋਰਮ ਦਾ ਗਠਨ ਕੀਤਾ ਹੈ। ਡੀ ਐੱਸ ਪੀ ਸਿਟੀ ਗੁਰਪ੍ਰੀਤ ਸਿੰਘ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਵਰੁਣ ਮੱਟੂ ਨੇ ਦੱਸਿਆ ਕਿ ਵਪਾਰੀ ਤੇ ਕਾਰੋਬਾਰੀ ਨਵੀਨ ਸਿੰਗਲਾ ਦੀ ਸ਼ਿਕਾਇਤ ’ਤੇ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਸੀ ਆਰ ਓ ਸੂਬਾ ਪ੍ਰਧਾਨ ਆਰ ਟੀ ਆਈ ਐਕਟੀਵਿਸਟ ਪੰਕਜ ਸੂਦ ਤੇ ਸੰਸਥਾ ਮੈਂਬਰ ਦੱਸੇ ਜਾਂਦੇ ਅਮਰ ਅਨੇਜਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਮੁਤਾਬਕ ਵਪਾਰੀ ਨਵੀਨ ਸਿੰਗਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਕੋਲ ਗਰੇਟ ਪੰਜਾਬ ਪ੍ਰਿੰਟਰਜ਼ ਨਾਮ ਹੇਠ ਸਥਾਨਕ ਨਗਰ ਨਿਗਮ ਦਾ ਪਹਿਲੀ ਜਨਵਰੀ 2020 ਤੋਂ 31 ਦਸੰਬਰ 2026 ਤੱਕ ਇਸ਼ਤਿਹਾਰਬਾਜ਼ੀ ਦਾ ਠੇਕਾ ਹੈ। ਮੁਲਜ਼ਮ ਅਮਰ ਅਨੇਜਾ ਨੇ 400 ਤੋਂ ਵੱਧ ਸੂਚਨਾ ਦੇ ਅਧਿਕਾਰ ਕਾਨੂੰਨ (ਆਰ ਟੀ ਆਈ) ਤਹਿਤ ਉਸ ਨੂੰ ਤੇ ਵਿਭਾਗੀ ਲੋਕ ਸੇਵਕਾਂ ਨੂੰ ਤੰਗ ਪਰੇਸ਼ਾਨ ਕੀਤਾ ਹੈ। ਉਹ ਪਹਿਲਾਂ 50 ਹਜ਼ਾਰ ਰੁਪਏ ਲੈ ਚੁੱਕਾ ਹੈ ਅਤੇ ਹੁਣ 30 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਆਰ ਟੀ ਆਈ ਦੇ ਨਾਂ ’ਤੇ ਨਿਵੇਸ਼ਕਾਂ ਨੂੰ ਡਰਾਉਂਦੇ ਅਤੇ ਬਲੈਕਮੇਲ ਕਰਦੇ ਹਨ। ਇਥੇ ਕਾਰੋਬਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਥਿਤ ਬਲੈਕਮੇਲਿੰਗ ਵਰਤਾਰਾ ਰੋਕਣ ਲਈ ਰੈਪਿਡ ਜਸਟਿਸ ਫੋਰਮ ਦਾ ਗਠਨ ਕੀਤਾ। ਵਪਾਰੀ ਰਿਸ਼ੂ ਅਗਰਵਾਲ ਤੇ ਨਵੀਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਬਲੈਕਮੇਲ ਦਾ ਸ਼ਿਕਾਰ ਲਗਭਗ 300 ਕਾਰੋਬਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਦੂਜੇ ਪਾਸੇ ਆਰ ਟੀ ਆਈ ਐਕਟੀਵਿਸਟ ਪੰਕਜ ਸੂਦ ਨੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਜ ਭਲਾਈ ਕੰਮ ਕਰ ਰਹੀ ਹੈ। ਉਨ੍ਹਾਂ ਕਈ ਵਪਾਰੀਆਂ ਖ਼ਿਲਾਫ਼ ਦੋਸ਼ ਵੀ ਲਾਏ ਹਨ।