ਏ ਆਈ ਤਕਨੀਕ ’ਤੇ ਸਰਮਾਏਦਾਰਾਂ ਦਾ ਕਬਜ਼ਾ ਮਨੁੱਖਤਾ ਲਈ ਖ਼ਤਰਾ: ਜਗਰੂਪ
ਕਮਿਊਨਿਸਟ ਤੇ ਮੁਲਾਜ਼ਮ ਆਗੂ ਰਣਧੀਰ ਗਿੱਲ ਦੀ ਬਰਸੀ ਮੌਕੇ ਸੈਮੀਨਾਰ
ਉੱਘੇ ਕਮਿਊਨਿਸਟ ਤੇ ਮੁਲਾਜ਼ਮ ਆਗੂ ਕਾਮਰੇਡ ਰਣਧੀਰ ਗਿੱਲ ਦੀ ਤੀਸਰੀ ਬਰਸੀ ਮੌਕੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਉੱਘੇ ਕਵੀ ਹਰਮਿੰਦਰ ਸਿੰਘ ਕੋਹਾਰਵਾਲਾ, ਹਾਸ ਵਿਅੰਗ ਲੇਖਕ ਕੇ ਐੱਲ ਗਰਗ ਅਤੇ ਬਲਵੀਰ ਸਿੰਘ ਰਾਮੂਵਾਲਾ ਦਾ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਾਮਰੇਡ ਰਣਧੀਰ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਤੇ ਮੁਲਾਜ਼ਮ ਲਹਿਰ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ।
ਸੀ ਪੀ ਆਈ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਨੇ ਕਾਮਰੇਡ ਰਣਧੀਰ ਗਿੱਲ ਬਾਰੇ ਕਿਹਾ ਕਿ ਉਨ੍ਹਾਂ ਵਿਦਿਆਰਥੀ ਜਥੇਬੰਦੀ ਏ ਆਈ ਐੱਸ ਐੱਫ ਤੋਂ ਅਧਿਆਪਕ ਲਹਿਰ ਦੀ ਅਗਵਾਈ ਕੀਤੀ। ਉਹ ਸਿਰਫ਼ ਅਧਿਆਪਕ ਲਹਿਰ ਦੇ ਹੀ ਆਗੂ ਨਹੀਂ ਸਨ ਸਗੋਂ ਉਨ੍ਹਾਂ ਆਪਣੇ ਸਮੇਂ ਵਿੱਚ ਸਮੁੱਚੇ ਕਿਰਤ ਕਰਨ ਵਾਲੀ ਲੋਕਾਈ ਦੀ ਅਗਵਾਈ ਕੀਤੀ।
ਉੱਘੇ ਕਮਿਊਨਿਸਟ ਅਤੇ ਮਾਰਕਸਵਾਦੀ ਚਿੰਤਕ ਕਾਮਰੇਡ ਜਗਰੂਪ ਨੇ ‘ਏ ਆਈ ਅਤੇ ਸਾਂਝੀਵਾਲਤਾ’ ਦੇ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ’ਤੇ ਸਰਮਾਏਦਾਰਾਂ ਦਾ ਕਾਬਜ਼ ਹੋਣ ਕਾਰਨ ਸਮੁੱਚੀ ਮਨੁੱਖਤਾ ਲਈ ਖ਼ਤਰਾ ਬਣ ਗਿਆ ਹੈ।
ਉੱਘੇ ਸਾਹਿਤਕਾਰ ਅਤੇ ਚਿੰਤਕ ਪ੍ਰੋਫੈਸਰ ਸੁਖਦੇਵ ਸਿਰਸਾ ਨੇ ਕਿਹਾ ਕਿ ਲੋਕਾਂ ਦੇ ਹੱਕਾਂ ’ਤੇ ਸਰਮਾਏਦਾਰੀ ਪ੍ਰਬੰਧ, ਫਾਸ਼ੀਵਾਦ, ਨਿੱਜੀਕਰਨ, ਉਦਾਰੀਕਰਨ ਵਰਗੇ ਤਰੀਕਿਆਂ ਨਾਲ ਡਾਕਾ ਮਾਰ ਰਿਹਾ ਹੈ।
ਉੱਘੇ ਲੇਖਕ ਅਤੇ ਆਲੋਚਕ ਡਾ. ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਸਿੱਖਿਆ ਨੀਤੀ 2020 ਦੇ ਹਮਲਿਆਂ ਦਾ ਡੱਟ ਕੇ ਟਾਕਰਾ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਇੰਦਰਵੀਰ ਗਿੱਲ, ਡਾ. ਜਸਜੀਤ ਕੌਰ ਗਿੱਲ, ਗੁਰਦੀਪ ਸਿੰਘ ਮੋਤੀ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਹੰਸ ਰਾਜ ਗੋਲਡਨ, ਸੁਖਜਿੰਦਰ ਮਹੇਸਰੀ ਤੇ ਜਗਸੀਰ ਖੋਸਾ ਨੇ ਸੰਬੋਧਨ ਕੀਤਾ।

