ਚੀਫ ਜਸਟਿਸ ਇੰਡੀਆ (ਸੀ ਜੇ ਆਈ) ਬੀ ਆਰ ਗਵਈ ਵੱਲ ਜੁੱਤੀ ਸੁੱਟਣ ਵਾਲੇ ਵਕੀਲ ਅਤੇ ਹਰਿਆਣਾ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਾ ਕਰਨ ਖਿਲਾਫ ਸ਼ਹਿਰ ਦੀਆਂ ਐਸ ਸੀ/ਬੀ ਸੀ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕੱਢਿਆ।
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਚੀਫ ਜਸਟਿਸ ਬੀ ਆਰ ਗਵੱਈ ਉਪਰ ਜੁੱਤੀ ਸੁੱਟਣਾ ਸੰਵਿਧਾਨ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਮੋਦੀ ਖਿਲਾਫ ਬੋਲਣ ਵਾਲਾ ਜੇਲ੍ਹ ’ਚ ਹੁੰਦਾ ਪਰ ਸੰਵਿਧਾਨ ਦਾ ਅਪਮਾਨ ਕਰਨ ਵਾਲਾ ਟੀ.ਵੀ ਚੈਨਲਾਂ ’ਤੇ ਹੁੰਦਾ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲੀਸ ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਹਰਿਆਣਾ ਦੇ ਭ੍ਰਿਸ਼ਟ ਜਾਤੀਵਾਦੀ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਮ੍ਰਿਤਕ ਪੀੜਤ ਦੀ ਪਤਨੀ ਉਪਰ ਹੀ ਪਰਚਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨੂਵਾਦੀ ਜੁੰਡਲੀ ਨੇ ਦਲਿਤਾਂ ਦੀ ਉੱਠ ਰਹੀ ਲਹਿਰ ਨੂੰ ਦਬਾਉਣ ਲਈ ਅਤੇ ਵਾਈ ਪੂਰਨ ਕੁਮਾਰ ਨੂੰ ਝੂਠਾ ਸਾਬਤ ਕਰਨ ਲਈ ਇੱਕ ਪੁਲੀਸ ਕਰਮਚਾਰੀ ਨੂੰ ਬਲੀ ਚੜ੍ਹਾ ਦਿੱਤਾ ਹੈ।