DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਲਕਾਤਾ ਕਾਂਡ ਖ਼ਿਲਾਫ਼ ਮੋਮਬੱਤੀ ਮਾਰਚ

ਆਈਐੱਮਏ ਵੱਲੋਂ ਇਨਸਾਫ਼ ਮਿਲਣ ਤੱਕ ਸੰਘਰਸ਼ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਰਾਮਪੁਰਾ ਫੂਲ ਵਿੱਚ ਕੋਲਕਾਤਾ ਘਟਨਾ ਖ਼ਿਲਾਫ਼ ਮੋਮਬੱਤੀ ਮਾਰਚ ਕਰਦੇ ਹੋਏ ਡਾਕਟਰ।
Advertisement

ਨਿੱਜੀ ਪੱਤਰ ਪ੍ਰੇਰਕ

ਸ੍ਰੀ ਮੁਕਤਸਰ ਸਾਹਿਬ, 17 ਅਗਸਤ

Advertisement

ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਸਮੂਹਿਕ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਆਈਐੱਮਏ ਦੇ ਪ੍ਰਧਾਨ ਡਾ. ਰੰਜੂ ਸਿੰਗਲਾ ਦੀ ਅਗਵਾਈ ਹੇਠ ਡਾਕਟਰਾਂ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ 24 ਘੰਟਿਆਂ ਲਈ ਓਪੀਡੀ ਬੰਦ ਰੱਖਣ ਦਾ ਵੀ ਫੈਸਲਾ ਕੀਤਾ ਗਿਆ। ਸਰਕਾਰੀ ਹਸਪਤਾਲਾਂ ਵੱਲੋਂ ਪਹਿਲਾਂ ਹੀ ਓਪੀਡੀ ਬੰਦ ਕੀਤੀ ਹੋਈ ਹੈ। ਇਸ ਮੌਕੇ ਡਾ. ਰੰਜੂ ਸਿੰਗਲਾ, ਡਾ. ਵਿਕਰਮਜੀਤ, ਡਾ. ਸੁਖਵਿੰਦਰ ਸਿੰਘ, ਡਾ. ਬਲਬੀਰ ਸਿੰਘ ਧਾਲੀਵਾਲ, ਡਾ. ਤਰਸੇਮ ਬਾਂਸਲ, ਡਾ. ਅਸ਼ੋਕ ਕਮਰਾ, ਡਾ. ਨਵਦੀਪ ਗਰੋਵਰ ਮੌਜੂਦ ਸਨ।

ਰਾਮਪੁਰਾ ਫੂਲ (ਪੱਤਰ ਪ੍ਰੇਰਕ): ਕੋਲਕਾਤਾ ਵਿੱਚ ਡਾਕਟਰ ਨਾਲ ਜਬਰ-ਜਨਾਹ ਕੀਤੇ ਜਾਣ ਮਗਰੋਂ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਇੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ।

ਜਾਣਕਾਰੀ ਦਿੰਦਿਆਂ ਆਈਐੱਮਏ ਰਾਮਪੁਰਾ ਫੂਲ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਕੋਲਕਾਤਾ ਵਿੱਚ ਹੋਏ ਡਾਕਟਰ ਦੇ ਜਬਰ-ਜਨਾਹ ਤੇ ਕਤਲ ਮਾਮਲੇ ਵਿੱਚ ਇਨਸਾਫ ਦਿਵਾਉਣ ਲਈ ਇਹ ਮੋਮਬੱਤੀ ਮਾਰਚ ਤੇ ਰੋਸ ਮਾਰਚ ਸਿਵਲ ਹਸਪਤਾਲ ਰਾਮਪੁਰਾ ਫੂਲ ਤੋਂ ਸ਼ੁਰੂ ਹੋ ਕੇ ਮੇਨ ਚੌਕ ਭਗਤ ਸਿੰਘ ਦੇ ਬੁੱਤ ਤੱਕ ਕੱਢਿਆ ਗਿਆ। ਇਸ ਉਪਰੰਤ ਮੋਮਬੱਤੀਆਂ ਬਾਲ ਕੇ ਇਕ ਮਿੰਟ ਦਾ ਮੌਨ ਰੱਖਿਆ ਗਿਆ।

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਅੱਜ ਕੌਮੀ ਆਈਐਮਏ ਦੇ ਸੱਦੇ ’ਤੇ ਬਰਨਾਲਾ ਦੇ ਸਮੂਹ ਪਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕੋਲਕੱਤਾ ਦੇ ਹਸਪਤਾਲ ’ਚ ਵਾਪਰੀ ਘਟਨਾ ਸਬੰਧੀ ਹੜਤਾਲ ਕਰਕੇ ਸਾਰੀਆਂ ਸੇਵਾਵਾਂ ਠੱਪ ਰੱਖੀਆਂ ਗਈਆਂ। ਸਮੂਹ ਡਾਕਟਰਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੋੋਲਕੱਤਾ ਦੇ ਹਸਪਤਾਲ ਵਿੱਚ ਡਾਕਟਰ ਨਾਲ ਕੀਤੇ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਨੂੰ ਬਣਦੀ ਕਾਨੂੰਨੀ ਸਖ਼ਤ ਸਜ਼ਾ ਦਿੱਤੀ ਜਾਵੇ। ਰੋਸ ਪ੍ਰਦਰਸ਼ਨ ’ਚ ਸ਼ਾਮਲ ਮਹਿਲਾ ਡਾਕਟਰਾਂ ਨੇ ਇਨਸਾਫ਼ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਬਰਨਾਲਾ ਆਈਐੱਮਏ ਦੇ ਪ੍ਰਧਾਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਇਹੋ ਜਿਹੀ ਘਿਣਾਉਣੀ ਹਰਕਤ ਕਰਨ ਵਾਲੇ ਮੁਲਜ਼ਮਾਂ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਮੌਕੇ ਆਈਐੱਮਏ ਦੇ ਜਨਰਲ ਸਕੱਤਰ ਰੋਹਿਤ ਬਾਂਸਲ­, ਖਜ਼ਾਨਚੀ ਡਾ. ਰਾਜਿੰਦਰ ਸਿੰਗਲਾ ਮੌਜੂਦ ਸਨ।

ਓਪੀਡੀ ਬੰਦ ਰੱਖ ਕੇ ਰੋਸ ਪ੍ਰਗਟਾਇਆ, ਮਰੀਜ਼ ਹੋਏ ਪ੍ਰੇਸ਼ਾਨ

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪੱਛਮੀ ਬੰਗਾਲ ਵਿੱਚ ਮਹਿਲਾ ਡਾਕਟਰ ਨਾਲ ਵਾਪਰੀ ਘਿਨਾਉਣੀ ਘਟਨਾ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਆਈਐੱਮਏ ਨੇ ਓਪੀਡੀ ਸੇਵਾਵਾਂ ਬੰਦ ਰੱਖੀਆਂ। ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਪ੍ਰਾਈਵੇਟ ਹਸਪਤਾਲਾਂ ਵਿੱਚ ਓਪੀਡੀ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਮਜਬੂਰਨ ਜ਼ਿਲ੍ਹਾ ਸਿਵਲ ਹਸਪਤਾਲ ਜਾਣਾ ਪਿਆ ਜਿਸ ਕਰਕੇ ਉੱਥੇ ਭੀੜ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਆਈਐੱਮਏ ਸਿਰਸਾ ਦੇ ਸੀਨੀਅਰ ਮੈਂਬਰ ਡਾਕਟਰ ਅਸ਼ੋਕ ਪਾਰੀਕ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ, ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਡਾ. ਅਸ਼ੀਸ਼ ਖੁਰਾਣਾ ਨੇ ਦੱਸਿਆ ਕਿ ਆਈਐਮਏ ਦੇ ਸੱਦੇ ’ਤੇ ਸ਼ਨਿਚਰਵਾਰ ਸਵੇਰੇ 6 ਤੋਂ ਐਤਵਾਰ ਸਵੇਰੇ 6 ਵਜੇ ਤੱਕ ਓਪੀਡੀ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਹਨ। ਆਈਐਮਏ ਦੀ ਮੀਟਿੰਗ ਚੱਲ ਰਹੀ ਹੈ। ਮੀਟਿੰਗ ਵਿੱਚ ਆਉਣ ਵਾਲੇ ਅੰਦੋਲਨ ਸਬੰਧੀ ਫੈਸਲੇ ਲਏ ਜਾਣਗੇ। ਜੇ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਅੰਦੋਲਨ ਦੀ ਰੂਪਰੇਖਾ ਉਲੀਕੀ ਜਾਵੇਗੀ।

Advertisement
×