ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ’ਚ ਕੈਂਸਰ ਜਾਂਚ ਕੈਂਪ
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਰਲਡ ਕੈਂਸਰ ਕੇਅਰ ਦੀ ਸਹਾਇਤਾ ਨਾਲ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਲਾਇਆ ਗਿਆ। ਸ੍ਰੀ ਵਾਲੀਆ ਤੇ ਪ੍ਰਿੰਸੀਪਲ ਵਰੁਣਦੀਪ ਕੌਰ ਵਾਲੀਆ ਦੀ ਯੋਗ ਰਹਿਨੁਮਾਈ ਹੇਠ ਇਲਾਕਾ ਭਰ ’ਚੋਂ ਪੁੱਜੇ ਮਰੀਜ਼ਾਂ ਦੇ ਬੈਠਣ ਅਤੇ ਚੈੱਕਅਪ ਲਈ ਸਕੂਲ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਦੁਨੀਆ ਕੈਂਸਰ ਦੇਖਭਾਲ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਆਖਿਆ ਕਿ ਅੱਜ ਭਿਆਨਕ ਬਿਮਾਰੀ ਕੈਂਸਰ ਨੇ ਹਰ ਘਰ ਅੰਦਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਜੇ ਤੰਦਰੁਸਤ ਸਰੀਰ ਦਾ ਪੂਰਾ ਚੈੱਕਅਪ ਕਰਵਾ ਲਿਆ ਜਾਵੇ ਤਾਂ ਸਮਾਂ ਰਹਿੰਦੇ ਹੀ ਇਸ ਬਿਮਾਰੀ ਨੂੰ ਮੁੱਢ ਤੋਂ ਕਾਬੂ ਕੀਤਾ ਜਾ ਸਕਦਾ ਹੈ ਪਰ ਜਦ ਇਹ ਦੂਜੀ ਤੇ ਤੀਜੀ ਸਟੇਜ ’ਚ ਪ੍ਰਵੇਸ਼ ਕਰ ਚੁੱਕਾ ਹੁੰਦਾ ਹੈ ਤਾਂ ਇਸ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਵੀ ਹੋ ਜਾਂਦਾ ਹੈ। ਵਰਲਡ ਕੈਂਸਰ ਕੇਅਰ ਦੇ ਪੰਜਾਬ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਆਖਿਆ ਕਿ ਅੱਜ ਕੈਂਸਰ ਦੀ ਭੇਟ ਚੜ੍ਹਦੀ ਜਾ ਰਹੀ ਪੰਜਾਬ ਦੀ ਸੰਗਤ ਦੀ ਸੇਵਾ ਲਈ ਵਿਦੇਸ਼ਾਂ ’ਚ ਵੱਸਦੇ ਐੱਨਆਰਆਈ ਭਰਾਵਾਂ ਤੇ ਪੰਜਾਬ ਵਿਚ ਵੱਸਦੇ ਕਾਰੋਬਾਰੀਆਂ ਨੂੰ ਬਾਂਹ ਫੜਨ ਦੀ ਜ਼ਰੂਰਤ ਹੈ। ਚੇਅਰਮੈਨ ਤੇ ਪ੍ਰਿੰਸੀਪਲ ਨੇ ਇਕਸੁਰ ਹੁੰਦਿਆਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਅਤੇ ਡਾ. ਜਗਜੀਤ ਸਿੰਘ ਹਰ ਵਰ੍ਹੇ ਸਕੂਲ ਲਈ ਇਕ ਦਿਨ ਰਾਖਵਾਂ ਰੱਖਣ ਤਾਂ ਉਹ ਲੋੜਵੰਦ ਮਰੀਜ਼ਾਂ ਨੂੰ ਸਹੀ ਮਾਰਗ ਦਰਸ਼ਨ ਕਰ ਸਕੀਏ। ਕੈਂਪ ਦੌਰਾਨ 500 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ ’ਚੋਂ ਲੋੜਵੰਦਾਂ ਨੂੰ ਦਵਾਈ ਮੁਫ਼ਤ ਦਿੱਤੀ ਗਈ।