ਕੈਬਨਿਟ ਮੰਤਰੀ ਨੇ ਮਰੂੰਡਾ ਵੇਚਣ ਵਾਲੇ ਬਜ਼ੁਗਰਾਂ ਨੂੰ ਦਿੱਤੇ ਟਰਾਈ ਸਾਈਕਲ
ਪਿੰਡ ਡਗਰੂ ਫਾਟਕ ’ਤੇ ਮਰੂੰਡਾ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਬਜ਼ੁਰਗਾਂ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬੈਟਰੀ ਵਾਲੇ ਟਰਾਈ ਸਾਈਕਲ ਭੇਟ ਕੀਤੇ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਕੈਬਨਿਟ ਮੰਤਰੀ ਦੀ ਬਜ਼ੁਰਗਾਂ ਨੇ ਕਾਰ ਮਰੂੰਡੇ ਨਾਲ ਲੱਦ ਦਿੱਤੀ ਤਾਂ ਉਨ੍ਹਾਂ ਵਿਭਾਗੀ ਅਧਿਕਾਰੀ ਤੋਂ ਬਜ਼ੁਰਗਾਂ ਨੂੰ ਮਰੂੰਡੇ ਦੇ ਪੈਸੇ ਦੁਆਏ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਸਥਿਤ ਪਿੰਡ ਡਗਰੂ ਫਾਟਕ ’ਤੇ ਮਰੂੰਡਾਂ ਵੇਚਕੇ ਪਰਿਵਾਰ ਚਲਾ ਰਹੇ ਦੋ ਲੋੜਵੰਦ ਬਜ਼ੁਰਗਾਂ ਨੂੰ ਬੈਟਰੀ ਵਾਲੇ ਟਰਾਈ ਸਾਈਕਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ। ਬਜ਼ੁਰਗਾਂ ਦਾ ਸਨਮਾਨ ਸਾਡਾ ਫਰਜ਼ ਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬਜ਼ੁਰਗਾਂ ਦੀ ਪੈਨਸ਼ਨ ਨਿਰਧਾਰਤ ਸਮੇਂ ਅਨੁਸਾਰ ਜਮ੍ਹਾਂ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਇਥੋਂ 31 ਜੁਲਾਈ ਨੂੰ ਲੰਘ ਰਹੇ ਸਨ ਤਾਂ ਉਹ ਇਥੇਹ ਰੁਕੇ ਅਤੇ ਉਨ੍ਹਾਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅੱਜ ਦੋ ਲੋੜਵੰਦ ਬਜ਼ੁਰਗਾਂ ਨੂੰ ਬੈਟਰੀ ਵਾਲੇ ਟਰਾਈਸਾਈਕਲ ਦਿੱਤੇ ਗਏ ਹਨ। ਇਨ੍ਹਾਂ ਬਜ਼ੁਰਗਾਂ ਦੀ ਬੱਸਾਂ ਰੁਕਣ ਦੀ ਬੇਨਤੀ ਉੱਤੇ ਬੱਸ ਸਟਾਪ ਬੋਰਡ ਲਗਵਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਸਾਮਾਨ ਵਿਕ ਸਕੇ। ਇਸ ਮੌਕੇ ਹੋਰ ਬਜ਼ੁਰਗਾਂ ਨੇ ਬੁਢਾਪਾ ਪੈਨਸ਼ਨ ਲਗਵਾਉਣ ਤੇ ਇਥੇ ਛਾਂ ਲਈ ਸੈੱਡ ਬਣਾਉਣ ਤੇ ਹੋਰ ਆਂ ਸਮੱਸਿਆਵਾਂ ਦੱਸੀਆਂ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਇਹ ਵੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਕਰੀਬ 9 ਬਜ਼ੁਰਗ ਹਨ ਜੋ ਆਪਣੀ ਰੋਜ਼ੀ ਰੋਟੀ ਲਈ ਇਥੇ ਕੰਮ ਕਰਦੇ ਹਨ।