ਕੈਬਨਿਟ ਮੰਤਰੀ ਨੇ ਬਜ਼ੁਰਗਾਂ ਕੋਲੋਂ ਮਰੁੰਡਾ ਖਰੀਦਿਆ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਸਥਿਤ ਪਿੰਡ ਡਗਰੂ ਫਾਟਕ ਨੇੜੇ ਪੁਲ ਤੋਂ ਲੰਘਦਿਆਂ ਉਨ੍ਹਾਂ ਦੀ ਨਜ਼ਰ ਮਰੁੰਡਾ ਵੇਚਣ ਵਾਲੇ ਬਜ਼ੁਰਗਾਂ ਉੱਤੇ ਜਾ ਪਈ। ਇਸ ਦੌਰਾਨ ਉਨ੍ਹਾਂ ਰੁਕ ਕੇ ਉਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਸਾਮਾਨ ਖਰੀਦਿਆ ਤੇ ਮੁਸ਼ਕਲਾਂ ਸੁਣੀਆਂ।
ਕੈਬਨਿਟ ਮੰਤਰੀ ਨੇ ਬਜ਼ੁਰਗਾਂ ਕੋਲੋਂ ਬੁਢਾਪਾ ਪੈਨਸ਼ਨ ਬਾਰੇ ਪੁੱਛਿਆ ਅਤੇ ਉਥੇ ਮਰੁੰਡਾ ਵੇਚ ਰਹੇ ਲੋੜਵੰਦ ਬਜ਼ੁਰਗਾਂ ਨੂੰ ਬਿਜਲਈ ਟਰਾਲੀਸਾਈਕਲ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਆਪਣੇ ਅਮਲੇ ਤੋਂ ਮੋਬਾਈਲ ਰਾਹੀਂ ਬਜ਼ੁਰਗਾਂ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਲਈ। ਬਜ਼ੁਰਗਾਂ ਨੇ ਮੰਗ ਕੀਤੀ ਕਿ ਇਥੇ ਸਰਕਾਰੀ ਬੱਸਾਂ ਰੁਕਣੀਆਂ ਯਕੀਨੀ ਬਣਾਈਆਂ ਜਾਣ ਤਾਂ ਜੋ ਉਨ੍ਹਾਂ ਦਾ ਸਾਮਾਨ ਵਿਕ ਸਕੇ। ਉਨ੍ਹਾਂ ਦੱਸਿਆ ਕਿ ਉਹ ਕਰੀਬ 9 ਬਜ਼ੁਰਗ ਹਨ ਜੋ ਆਪਣੀ ਰੋਜ਼ੀ ਰੋਟੀ ਲਈ ਇਥੇ ਕੰਮ ਕਰਦੇ ਹਨ।
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪੈਨਸ਼ਨ ਵਿੱਚ ਦੇਰ ਜਾਂ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਸਨਮਾਨ ਸਾਡਾ ਫਰਜ਼ ਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬਜ਼ੁਰਗਾਂ ਦੀ ਪੈਨਸ਼ਨ ਨਿਰਧਾਰਤ ਸਮੇਂ ਅਨੁਸਾਰ ਜਮ੍ਹਾਂ ਹੋਣੀ ਚਾਹੀਦੀ ਹੈ। ਪੈਨਸ਼ਨ ਜਾਰੀ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਦੇਰੀ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।