ਜ਼ਿਮਨੀ ਚੋਣ ਦੇ ਨਤੀਜੇ ਭੁਲੇਖੇ ਦੂਰ ਕਰਨਗੇ: ਹਰਸਿਮਰਤ
ਲੋਕਾਂ ਦੇ ਸਰਕਾਰ ਖ਼ਿਲਾਫ਼ ਭੁਗਤਣ ਦਾ ਦਾਅਵਾ; ਅਰੋਡ਼ਾ ਪਰਿਵਾਰ ਨਾਲ ਦੁੱਖ ਵੰਡਾਇਆ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਜਿੱਤ ਪ੍ਰਾਪਤ ਕਰ ਕੇ ਆਪਣੀ ਸ਼ਾਨਦਾਰ ਵਾਪਸੀ ਕਰੇਗਾ। ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਸਾਰੇ 222 ਪੋਲਿੰਗ ਬੂਥਾਂ ’ਤੇ ਪਾਰਟੀ ਨੂੰ ਬੜ੍ਹਤ ਹਾਸਲ ਹੋਵੇਗੀ। ਉਨ੍ਹਾਂ ਅੱਜ ਇਥੇ ਪ੍ਰਸਿੱਧ ਕਾਰੋਬਾਰੀ ਮਿੱਠੂ ਰਾਮ ਅਰੋੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਅਰੋੜਾ ਦੇ ਭਰਾ ਦਰਸ਼ਨ ਅਰੋੜਾ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਲਗਪਗ 61 ਫੀਸਦੀ ਵੋਟਿੰਗ ਹੋਣ ਤੋਂ ਜਾਪਦਾ ਹੈ ਕਿ ਉਥੋਂ ਦੇ ਲੋਕਾਂ ਨੇ ਸਰਕਾਰ ਖਿਲਾਫ਼ ਡਟ ਕੇ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ ਭਾਜਪਾ ਦੇ ਇੱਕਾ-ਦੁੱਕਾ ਆਗੂ ਚੋਣ ਜਿੱਤਣ ਦਾ ਹਲਕਾ ਜਿਹਾ ਦਾਅਵਾ ਕਰ ਰਹੇ ਹਨ ਪਰ 14 ਨਵੰਬਰ ਨੂੰ ਹੋਣ ਵਾਲੀ ਗਿਣਤੀ ਸਭ ਦੇ ਭਰਮ-ਭੁਲੇਖੇ ਦੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨਾਲ ਤਰਨ ਤਾਰਨ ਵਿੱਚ ਬਰਨਾਲਾ ਦੀ ਜ਼ਿਮਨੀ ਚੋਣ ਵਾਲਾ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਾਰ ਹੇਰਾ-ਫੇਰੀ ਕਰਕੇ ਅਤੇ ਅਫ਼ਸਰਸ਼ਾਹੀ ਦਾ ਸਹਾਰਾ ਲੈ ਕੇ ਜ਼ਿਮਨੀ ਚੋਣ ਨਹੀਂ ਜਿੱਤ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਦੀ ਜ਼ਮੀਰ ਵਾਲੇ ਹਨ, ਜਿਨ੍ਹਾਂ ਨੇ ਭਗਵੰਤ ਮਾਨ ਦੀ ਸਰਕਾਰ ਦੇ ਸਭ ਝੂਠੇ ਵਾਅਦੇ ਪਰਖ ਲਏ ਹਨ। ਇਸੇ ਦੌਰਾਨ ਮਾਨਸਾ ਪੁਲੀਸ ਨੇ ਦਾਅਵਾ ਕੀਤਾ ਕਿ ਸ਼ਹਿਰ ਦੇ ਪ੍ਰਸਿੱਧ ਕਬਾੜ ਕਾਰੋਬਾਰੀ ਨੂੰ ਤਿੰਨ ਦਿਨ ਪਹਿਲਾਂ ਜਿਹੜੀ ਅਣਪਛਾਤੀ ਤੇਜ਼ ਰਫ਼ਤਾਰ ਕਰ ਨੇ ਟੱਕਰ ਮਾਰੀ ਸੀ, ਉਸ ਦੀ ਡਰਾਈਵਰ ਸਣੇ ਪਛਾਣ ਹੋ ਗਈ ਹੈ। ਪੁਲੀਸ ਅਨੁਸਾਰ ਡਰਾਈਵਰ ਦੀ ਪਛਾਣ ਗੁਰਭਗਤ ਸਿੰਘ ਪੁੱਤਰ ਬੂਟਾ ਸਿੰਘ ਵਾਰਡ ਨੰ: 2, ਪਿੰਡ ਚੋਟੀਆਂ, ਥਾਣਾ ਫੂਲ (ਬਠਿੰਡਾ) ਵਜੋਂ ਹੋਈ ਹੈ। ਡੀ ਐੱਸ ਪੀ ਬੂਟਾ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

