ਬੱਸ ਅੱਡੇ ਦਾ ਰੇੜਕਾ: ਸੰਘਰਸ਼ ਕਮੇਟੀ ਨੇ ਨਵੇਂ ਡੀਸੀ ਕੋਲ ਰੱਖਿਆ ਆਪਣਾ ਪੱਖ
ਬਠਿੰਡਾ ਦੇ ਤਜਵੀਜ਼ਤ ਨਵੇਂ ਬੱਸ ਅੱਡੇ ਦਾ ਵਿਰੋਧ ਅਤੇ ਮੌਜੂਦਾ ਅੱਡੇ ਦੇ ਹੱਕ ’ਚ ਬਣੀ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਦੇ ਅਹੁਦੇਦਾਰਾਂ ਨੇ ਅੱਜ ਨਵੇਂ ਆਏ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮਿਲ ਕੇ ਆਪਣਾ ਮੁੱਦਾ ਉਠਾਇਆ।
ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਅਤੇ ਗੁਰਪ੍ਰੀਤ ਆਰਟਿਸਟ ਨੇ ਦੱਸਿਆ ਕਿ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਹੀ ਰੱਖਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਦੁਕਾਨਦਾਰਾਂ, ਟਰਾਂਸਪੋਰਟਰਾਂ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕ ਵਫ਼ਦ ਵਿੱਚ ਸ਼ਾਮਲ ਸਨ। ਵਫ਼ਦ ਨੇ ਡੀਸੀ ਕੋਲ ਵਕਾਲਤ ਕੀਤੀ ਕਿ ਮੌਜੂਦਾ ਬੱਸ ਸਟੈਂਡ ਸ਼ਹਿਰ ਦੀ ਧੜਕਨ ਹੈ ਅਤੇ ਜਨਤਾ ਦੀਆਂ ਸਾਰੀਆਂ ਸੁਵਿਧਾਵਾਂ ਨਾਲ ਭਰਪੂਰ ਹੈ। ਉਨ੍ਹਾਂ ਦੱਸਿਆ ਕਿ ਕੁਝ ਕਲੋਨਾਈਜ਼ਰ ਅਤੇ ਭੂ-ਮਾਫ਼ੀਆ ਨਾਲ ਜੁੜੇ ਰਾਜਨੀਤਕ ਲੋਕ ਇਸ ਅੱਡੇ ਨੂੰ ਉਜਾੜ ਕੇ ਸ਼ਹਿਰ ਤੋਂ ਦੂਰ ਅਸੁਰੱਖਿਅਤ ਜਗ੍ਹਾ ’ਤੇ ਲਿਜਾਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਲੋਕ ਹਿਤਾਂ ਲਈ ਵਾਰ-ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਇੱਕ ਗ਼ਲਤ ਫ਼ੈਸਲੇ ਨਾਲ ਲੋਕ ਪਰੇਸ਼ਾਨ ਨਾ ਹੋਣ ਅਤੇ ਸ਼ਹਿਰ ਵਿੱਚ ਲੋਕਲ ਟਰਾਂਸਪੋਰਟ ਕਾਰਨ ਟ੍ਰੈਫ਼ਿਕ ਸਮੱਸਿਆ ਨਾ ਵਧੇ। ਵਫ਼ਦ ਨੇ ਡੀਸੀ ਨੂੰ ਦੱਸਿਆ ਕਿ ਸਰਕਾਰ ਦੇ ਚਾਰ ਵਿਧਾਇਕ ਵੀ ਲਿਖ਼ਤੀ ਰੂਪ ਵਿੱਚ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਰੱਖਣ ਦਾ ਸਮਰਥਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੂਰਾ ਸ਼ਹਿਰ, ਆਸ-ਪਾਸ ਦੇ ਲੋਕ ਅਤੇ ਵਿਧਾਇਕ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਰੱਖਣ ਦੇ ਹੱਕ ਵਿੱਚ ਹਨ, ਉੱਥੇ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇੱਥ ਵਿਧਾਇਕ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਬੱਸ ਸਟੈਂਡ ਨੂੰ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਲਿਜਾਣ ਦੇ ਪੱਖ ਵਿੱਚ ਵੀ ਹੈ। ਉਨ੍ਹਾਂ ਆਖਿਆ ਕਿ ਇਹ ਆਮ ਲੋਕਾਂ ਨਾਲ ਧੱਕੇਸ਼ਾਹੀ ਹੋਵੇਗੀ, ਜਿਸ ਲੋਕ ਬਰਦਾਸ਼ਤ ਨਹੀਂ ਕਰਨਗੇ।
ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਕਿ ਲੋਕ ਰਾਇ ਅਤੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰਕੇ ਸਰਕਾਰ ਨੂੰ ਰਿਪੋਰਟ ਦਿੱਤੀ ਜਾਵੇਗੀ ਅਤੇ ਲੋਕਾਂ ਦੀ ਰਾਇ ਅਨੁਸਾਰ ਹੀ ਸਰਕਾਰ ਅੱਗੇ ਕੋੲ ਫੈਸਲਾ ਲਵੇਗੀ। ਵਫ਼ਦ ਵਿੱਚ ਕੌਂਸਲਰ ਸੰਦੀਪ ਬੌਬੀ, ਨੰਬਰਦਾਰ ਕੰਵਲਜੀਤ ਭੰਗੂ, ਬਲਵਿੰਦਰ ਬਾਹੀਆ, ਅਰਸ਼ਵੀਰ ਸਿੱਧੂ ਅਤੇ ਸੰਦੀਪ ਅਗਰਵਾਲ ਮੌਜੂਦ ਸਨ।