ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਸ ਅੱਡਾ ਰੇੜਕਾ: ਸੰਘਰਸ਼ ਕਮੇਟੀ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਧਰਨੇ ਦੇ 90 ਦਿਨ ਮੁਕੰਮਲ; ਬੱਸ ਅੱਡਾ ਸ਼ਹਿਰ ’ਚ ਰੱਖਣ ਦੀ ਮੰਗ
ਬਠਿੰਡਾ ’ਚ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਕਾਰਕੁਨ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ।
Advertisement

ਇਥੇ ਤਜਵੀਜ਼ਤ ਨਵੇਂ ਬੱਸ ਅੱਡੇ ਦੀ ਮੁਖ਼ਾਲਫ਼ਤ ਅਤੇ ਮੌਜੂਦਾ ਬੱਸ ਅੱਡੇ ਦੀ ਵਕਾਲਤ ਕਰ ਰਹੀ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਨੇ ਅੱਜ ਆਪਣੇ ਅੰਦੋਲਨ ਦੇ 90 ਦਿਨ ਪੂਰੇ ਹੋਣ ’ਤੇ ਰੋਸ ਮੁਜ਼ਾਹਰਾ ਕੀਤਾ। ਅੰਬੇਡਕਰ ਪਾਰਕ ਵਿੱਚ ਇਕੱਤਰ ਹੋਏ ਲੋਕਾਂ ਨੇ ਬੱਸ ਅੱਡਾ ਚੌਕ ’ਚ ਜਾ ਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ।

ਅੰਬੇਡਕਰ ਪਾਰਕ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ 90 ਦਿਨ ਸਿਰਫ਼ ਗਿਣਤੀ ਨਹੀਂ, ਸਗੋਂ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਦੇ ਇੱਕਜੁਟ ਸੰਘਰਸ਼ ਦੀ ਗਵਾਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ ਮੌਜੂਦਾ ਥਾਂ ’ਤੇ ਹੀ ਰਹੇ, ਕਿਉਂਕਿ ਇਹ ਸ਼ਹਿਰ ਦੇ ਕੇਂਦਰ ਵਿੱਚ ਹੈ ਅਤੇ ਹਰ ਵਰਗ ਦੀ ਪਹੁੰਚ ਵਿੱਚ ਹੈ। ਸਰਕਾਰ ਜੇਕਰ ਕਿਸੇ ਦਬਾਅ ਹੇਠ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੋਕ ਭਾਵਨਾਵਾਂ ਦੇ ਵਿਰੁੱਧ ਫੈਸਲਾ ਲੈਂਦੀ ਹੈ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਮੇਟੀ ਸ਼ਾਂਤਮਈ ਢੰਗ ਨਾਲ ਅੰਦੋਲਨ ਚਲਾ ਰਹੀ ਹੈ, ਪਰ ਜੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋਈ, ਤਾਂ ਵਿਆਪਕ ਜਨ ਅੰਦੋਲਨ ਖੜ੍ਹਾ ਕੀਤਾ ਜਾਵੇਗਾ।

Advertisement

ਉਨ੍ਹਾਂ ਕਿਹਾ ਕਿ ਇਹ ਸਿਰਫ ਬੱਸ ਅੱਡੇ ਦੀ ਲੜਾਈ ਨਹੀਂ, ਸਗੋਂ ਇਹ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਸੁਵਿਧਾ ਦੇਵੇ, ਨਾ ਕਿ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਧੱਕੇ। ਉਨ੍ਹਾਂ ਆਖਿਆ ਕਿ ਜਦ ਲੋਕ ਸੜਕਾਂ ’ਤੇ ਆਉਂਦੇ ਹਨ ਤਾਂ ਸੱਤਾ ਨੂੰ ਝੁਕਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹੁਣ ਇੱਕ ਜਨ ਅੰਦੋਲਨ ਦਾ ਰੂਪ ਲੈ ਚੁੱਕਾ ਹੈ ਅਤੇ ਹਰ ਵਰਗ ਦਾ ਵਿਅਕਤੀ ਇਸ ਵਿੱਚ ਜੁੜ ਰਿਹਾ ਹੈ।

ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬ ਸਰਕਾਰ ਦੇ ਪ੍ਰਤੀਕਾਤਮਕ ਪੁਤਲੇ ਸਾੜ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਜਦ ਤੱਕ ਬੱਸ ਅੱਡਾ ਮੌਜੂਦਾ ਥਾਂ ’ਤੇ ਰੱਖਣ ਦਾ ਫੈਸਲਾ ਨਹੀਂ ਹੁੰਦਾ, ਤਦ ਤੱਕ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਦਾ ਵਿਰੋਧ ਜਾਰੀ ਰਹੇਗਾ। ਸੰਘਰਸ਼ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਜਨ ਸਮਰਥਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਸ਼ਹਿਰ ਬੰਦ ਵਰਗੇ ਕਦਮ ਵੀ ਚੁੱਕੇ ਜਾਣਗੇ।

ਇਕੱਠ ਨੂੰ ਕਮੇਟੀ ਦੇ ਆਗੂ ਬਲਤੇਜ ਵਾਂਦਰ, ਸੰਦੀਪ ਬਾਬੀ, ਪ੍ਰਕਾਸ਼ ਸਿੰਘ, ਸੰਦੀਪ ਅਗਰਵਾਲ, ਹਰਵਿੰਦਰ ਸਿੰਘ ਹੈਪੀ, ਗੁਰਪ੍ਰੀਤ ਸਿੰਘ ਅਤੇ ਰਾਮ ਜਿੰਦਲ ਨੇ ਸੰਬੋਧਨ ਕੀਤਾ।

 

Advertisement